Skip to content
ਜਲੰਧਰ (ਵਿੱਕੀ ਸੂਰੀ) ਗੁਜਰਾਤ ਪੁਲਿਸ ਨੇ ਜਲੰਧਰ ਪੁਲਿਸ ਦੀ ਮਦਦ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਜਲੰਧਰ ਦੇ ਭਾਰਗਵ ਕੈਂਪ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ 4 ਮੋਬਾਈਲ ਫੋਨ ਅਤੇ 3 ਸਿਮ ਕਾਰਡ ਬਰਾਮਦ ਕੀਤੇ ਹਨ।
ਪੁਲਿਸ ਸੂਤਰਾਂ ਮੁਤਾਬਕ ਮੁਹੰਮਦ ਮੁਰਤਜ਼ਾ ਅਲੀ ਗਾਂਧੀ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਉੱਥੇ ਇੱਕ ਆਲੀਸ਼ਾਨ ਕੋਠੀਵੀ ਬਣਵਾ ਰਿਹਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਅਲੀ ਨੇ ਹਾਲ ਹੀ ਵਿੱਚ 25 ਮਰਲੇ ਦਾ ਇੱਕ ਪਲਾਟ ਖਰੀਦਿਆ ਸੀ ਜਿਸ ਉੱਤੇ 1.5 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਘਰ ਬਣਾਇਆ ਜਾ ਰਿਹਾ ਸੀ। ਜਦੋਂ ਪੁਲਿਸ ਨੇ ਉਸ ਦੇ ਬੈਂਕ ਖਾਤੇ ਦੀ ਜਾਂਚ ਕੀਤੀ, ਤਾਂ ਇੱਕ ਮਹੀਨੇ ਵਿੱਚ 40 ਲੱਖ ਰੁਪਏ ਦੇ ਸ਼ੱਕੀ ਲੈਣ-ਦੇਣ ਦਾ ਪਤਾ ਲੱਗਿਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਲੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਭਾਰਤੀ ਨਿਊਜ਼ ਚੈਨਲਾਂ ਦੀ ਇੱਕ ਵਿਸ਼ੇਸ਼ ਐਪਲੀਕੇਸ਼ਨ ਬਣਾ ਕੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਭਾਰਤ ਦੀ ਗੁਪਤ ਜਾਣਕਾਰੀ ਪ੍ਰਦਾਨ ਕਰਦਾ ਸੀ। ਇਸ ਐਪਲੀਕੇਸ਼ਨ ਰਾਹੀਂ ਉਹ ਭਾਰਤੀ ਨਿਊਜ਼ ਚੈਨਲਾਂ ਦੀ ਸਮੱਗਰੀ ਅਤੇ ਦੇਸ਼ ਦੀ ਅੰਦਰੂਨੀ ਸਥਿਤੀ ਬਾਰੇ ਖ਼ਬਰਾਂ ਪਾਕਿਸਤਾਨ ਭੇਜਦਾ ਸੀ। ਬਦਲੇ ਵਿੱਚ ਉਸ ਨੂੰ ਪਾਕਿਸਤਾਨ ਤੋਂ ਮੋਟੀ ਰਕਮ ਮਿਲਦੀ ਸੀ।
ਪੁਲਿਸ ਮੁਤਾਬਕ ਜਦੋਂ ਵੀ ਭਾਰਤ ਪਾਕਿਸਤਾਨ ਵਿੱਚ ਭਾਰਤੀ ਨਿਊਜ਼ ਚੈਨਲਾਂ ਦਾ ਪ੍ਰਸਾਰਣ ਬੰਦ ਕਰਦਾ ਸੀ, ਅਲੀ ਇਸ ਐਪਲੀਕੇਸ਼ਨ ਰਾਹੀਂ ਚੈਨਲਾਂ ਦੀ ਸਮੱਗਰੀ ਆਈਐਸਆਈ ਨੂੰ ਭੇਜਦਾ ਸੀ। ਉਸ ਨੂੰ ਗ੍ਰਿਫ਼ਤਾਰ ਕਰਕੇ ਗੁਜਰਾਤ ਲਿਜਾਇਆ ਗਿਆ, ਜਿੱਥੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Post Views: 2,144
Related