ਤਰਨਤਾਰਨ ਦੇ ਰੇਲਵੇ ਸਟੇਸ਼ਨ ਦੇ ਕੋਲ ਝੁੱਗੀਆਂ ’ਚ ਰਹਿੰਦੇ ਵਿਅਕਤੀ ਨੂੰ ਪੀਰਾਂ ਦੀ ਜਗ੍ਹਾ ’ਤੇ ਸਿਗਰਟ ਪੀ ਰਹੇ ਨੌਜਵਾਨਾਂ ਨੂੰ ਰੋਕਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਸ ਦੇ ਸਿਰ ’ਚ ਇੱਟ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਦੋ ਜਣਿਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਦੋਕਿ ਲਾਸ਼ ਦਾ ਪੋਸਟਮਾਰਟਮ ਅੱਜ ਕਰਵਾਇਆ ਜਾਵੇਗਾ
ਇਸ ਮੌਕੇ ਪੂਜਾ ਵਾਸੀ ਝੁੱਗੀਆਂ ਤੀਨਾ ਤਖੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 22 ਅਪ੍ਰੈਲ ਨੂੰ ਉਸ ਦਾ ਪਤੀ ਸੁਨੀਲ ਪੁੱਤਰ ਰੌਣਕੀ ਰਾਮ ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਰਾਤ ਕਰੀਬ ਸਾਢੇ 9 ਵਜੇ ਘਰ ਦੇ ਬਾਹਰ ਪੀਰਾਂ ਦੀ ਜਗ੍ਹਾ ਕੋਲ ਖੜ੍ਹਾ ਸੀ। ਜਿਥੇ ਉਨ੍ਹਾਂ ਦੇ ਗੁਆਂਢੀ ਬਲਦੇਵ ਸਿੰਘ ਪੁੱਤਰ ਦੀਪਕ ਅਤੇ ਗੈਵੀ ਪੁੱਤਰ ਸ਼ੰਭੂ ਸਿਗਰਟ ਪੀ ਰਹੇ ਸਨ। ਉਸ ਦੇ ਪਤੀ ਨੇ ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਬਲਦੇਵ ਸਿੰਘ ਤੇ ਗੈਵੀ ਨੇ ਕਥਿਤ ਤੌਰ ’ਤੇ ਉਸ ਦੇ ਪਤੀ ਦੇ ਸਿਰ ’ਚ ਇੱਟ ਮਾਰ ਦਿੱਤੀ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੇ ਖਰਚਾ ਨਾ ਹੋਣ ਕਰ ਕੇ ਪਤੀ ਨੂੰ ਹਸਪਤਾਲ ਦਾਖ਼ਲ ਨਹੀਂ ਕਰਵਾਇਆ ਤੇ ਥੋੜ੍ਹਾ ਬਹੁਤ ਇਲਾਜ ਘਰ ’ਚ ਹੀ ਕਰਵਾਉਂਦੀ ਰਹੀ ਪਰ ਕੱਲ੍ਹ ਉਸਦੇ ਪਤੀ ਨੇ ਸਿਰ ’ਚ ਲੱਗੀ ਸੱਟ ਦੇ ਚੱਲਦਿਆਂ ਦਮ ਤੋੜ ਦਿੱਤਾ।
ਇਸ ਮੌਕੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੂਜਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਦੇ ਡੈੱਡ ਹਾਉਸ ਵਿਖੇ ਰਖਵਾ ਦਿੱਤੀ ਗਈ ਹੈ। ਜਿਥੇ ਡਾਕਟਰਾਂ ਦੇ ਬੋਰਡ ਵੱਲੋਂ ਉਸ ਦਾ ਪੋਸਟਮਾਰਟਮ ਅੱਜ ਨੂੰ ਕੀਤਾ ਜਾਵੇਗਾ। ਜਦੋਂਕਿ ਬਲਦੇਵ ਸਿੰਘ ਅਤੇ ਗੈਵੀ ਨੂੰ ਕਤਲ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਕਰ ਰਹੇ ਚੌਂਕੀ ਬੱਸ ਅੱਡੇ ਦੇ ਇੰਚਾਰਜ ਏਐੱਸਆਈ ਕਿਰਪਾਲ ਸਿੰਘ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।