ਸ੍ਰੀ ਮੁਕਤਸਰ ਸਾਹਿਬ, 10 ਮਈ (ਵਿਪਨ ਮਿੱਤਲ) ਪਿਛਲੇ ਦਿਨੀਂ ਪਾਕਿਸਤਾਨ ਦੀ ਸ਼ਹਿ ’ਤੇ ਅੱਤਵਾਦੀਆਂ ਨੇ ਪਹਿਲਗਾਮ ਵਿਖੇ ਕਾਇਰਾਨਾ ਕਾਰਵਾਈ ਕਰਕੇ 28 ਨਿਰਦੋਸ਼ ਸੈਲਾਨੀਆਂ ਨੂੰ ਕਤਲ ਕਰ ਦਿੱਤਾ ਸੀ। ਅੱਤਵਾਦੀਆਂ ਵੱਲੋਂ ਕੀਤੀ ਗਈ ਇਸ ਮੰਦਭਾਗੀ ਘਟਨਾ ਦੀ ਸਰਕਾਰ ਅਤੇ ਆਮ ਲੋਕਾਂ ਵੱਲੋਂ ਪੁਰਜੋਰ ਨਿੰਦਾ ਕੀਤੀ ਗਈ ਸੀ। ਦੇਸ਼ ਵਾਸੀਆਂ ਵਿੱਚ ਗੁੱਸੇ ਦੀ ਲਹਿਰ ਫੈਲਦੀ ਜਾ ਰਹੀ ਸੀ। ਅਜਿਹੇ ਸਮੇਂ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਲੇਰੀ ਭਰਿਆ ਫੈਸਲਾ ਲਿਆ। ਉਨ੍ਹਾਂ ਦੀ ਹਿਦਾਇਤ ’ਤੇ ਭਾਰਤੀ ਫੌਜ ਨੇ ਪਾਕਿਸਤਾਨ ਅੰਦਰ ਬਣੇ ਅੱਤਵਾਦੀ ਟ੍ਰੇਨਿੰਗ ਸੈਂਟਰਾਂ ਨੂੰ ਏਅਰ ਅਟੈਕ ਰਾਹੀਂ ਤਬਾਹ ਕਰ ਦਿੱਤਾ। ਭਾਰਤੀ ਫੌਜ ਦੇ ਇਸ ਇਤਿਹਾਸਕ ਕਦਮ ਦੀ ਸਮੁੱਚੇ ਦੇਸ਼ ਵਾਸੀਆਂ ਵੱਲੋਂ ਪੁਰਜੋਰ ਸ਼ਲਾਘਾ ਕੀਤੀ ਗਈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਵਰਕਿੰਗ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਭਾਰਤੀ ਫੌਜ ਨੂੰ ਵਧਾਈ ਦੇਣ ਦੇ ਮੰਤਵ ਲਈ ਸਥਾਨਕ ਸਿਟੀ ਹੋਟਲ ਵਿਖੇ ‘ਸਾਡੀ ਫੌਜ, ਸਾਡਾ ਮਾਣ’ ਮੀਟਿੰਗ ਆਯੋਜਿਤ ਕੀਤੀ ਗਈ। ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੀਫ ਪੈਟਰਨ ਇੰਸ. ਜਗਸੀਰ ਸਿੰਘ, ਸਾਹਿਲ ਕੁਮਾਰ ਹੈਪੀ, ਵਿਕਰਾਂਤ ਤੇਰੀਆ,ਬਲਜੀਤ ਸਿੰਘ ਕੋਆਪ੍ਰੇਟਿਵ, ਜਗਦੀਸ਼ ਚੰਦਰ ਧਵਾਲ ਅਤੇ ਨਰਿੰਦਰ ਕਾਕਾ ਸਮੇਤ ਸੀਨੀਅਰ ਕਾਂਗਰਸੀ ਨੇਤਾ ਗੁਰਦਾਸ ਗਿਰਧਰ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਸਾਬਕਾ ਸੈਨਿਕਾਂ ਦੀ ਸੰਸਥਾ ‘ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ’ ਦੇ ਜਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਲੱਧੜ ਦੀ ਅਗਵਾਈ ਹੇਠ ਅੰਗ੍ਰੇਜ਼ ਸਿੰਘ ਰਹੂੜਿਆਂ ਵਾਲੀ, ਚਰਨਜੀਤ ਸਿੰਘ, ਗਗਨਦੀਪ ਸਿੰਘ, ਗੁਰਪਾਲ ਸਿੰਘ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਬਲਜਿੰਦਰ ਸਿੰਘ, ਦਾਰਾ ਸਿੰਘ, ਗੁਰਦੇਵ ਸਿੰਘ, ਗੁਰਮੇਜ ਸਿੰਘ ਅਤੇ ਤੀਰਅੰਦਾਜ਼ ਸਿੰਘ ਸਮੇਤ ਕਈ ਹੋਰ ਸਾਬਕਾ ਸੈਨਿਕ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸਮੂਹ ਬੁਲਾਰਿਆਂ ਨੇ ਭਾਰਤੀ ਫੌਜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਭਾਰਤੀ ਫੌਜ ਸੰਸਾਰ ਦੀ ਸਰਬਉੱਤਮ ਫੌਜ ਹੈ, ਜਿਸ ’ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਮਾਣ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਪਾਕਿਸਤਾਨੀ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਸਮੇਂ ਸਿਰ ਉਠਾਏ ਗਏ ਕਦਮ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕਰਕੇ ਜੰਗ ਲੱਗਣ ਦੀ ਸੂਰਤ ਵਿੱਚ ਸਮੂਹ ਮੈਂਬਰਾਂ ਵੱਲੋਂ ਖੂਨ ਦਾਨ ਸਮੇਤ ਸਿਵਲ ਡਿਫੈਂਸ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ‘ਸਾਡੀ ਫੌਜ, ਸਾਡਾ ਮਾਣ’ ਦੇ ਪੋਸਟਰ ਹੱਥ ਵਿੱਚ ਫੜ ਕੇ ਭਾਰਤੀ ਫੌਜ ਨੂੰ ਵਧਾਈ ਦਿੱਤੀ