ਜਲੰਧਰ,(ਬੀਤਿਆ ਦਿਨ) -ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਚੁੰਗੀ ਨੰਬਰ 9, ਬਸਤੀ ਦਾਨਿਸ਼ਮੰਦਾਂ ਵਿਖੇ ਮੇਲਾ ਸਜਾਇਆ ਗਿਆ, ਜਿਸ ਵਿੱਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ। ਇਸ ਪ੍ਰੋਗਰਾਮ ਦਾ ਆਯੋਜਨ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਕੀਤਾ ਗਿਆ, ਜਿਸ ਵਿੱਚ ਨਾਮਵਰ ਗਾਇਕ ਮਾਸਟਰ ਸਲੀਮ ਅਤੇ ਬਲਰਾਜ ਨੇ ਆਪਣੀ ਸੰਗੀਤਕ ਪੇਸ਼ਕਾਰੀ ਨਾਲ ਇਸ ਮੌਕੇ ਆਈ ਸੰਗਤ ਨੂੰ ਨਿਹਾਲ ਕੀਤਾ। ਸੰਸਦ ਮੈਂਬਰ ਆਪਣੇ ਪਰਿਵਾਰ ਸਮੇਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਪਹੁੰਚੇ ਅਤੇ ਪ੍ਰੋਗਰਾਮ ‘ਚ ਹਾਜ਼ਰੀ ਲਗਵਾਈ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਸਦ ਮੈਂਬਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅੱਜ ਵੀ ਉਨੀਆਂ ਹੀ ਸਾਰਥਿਕ ਹਨ ਜਿੰਨੀਆਂ ਪਹਿਲਾਂ ਸਨ। ਉਨ੍ਹਾਂ ਦੱਸਿਆ ਕਿ ਗੁਰੂ ਮਹਾਰਾਜ ਦੇ ਦਰਸਾਏ ਮਾਰਗ ‘ਤੇ ਚੱਲ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਦਾ ਰਾਹ ਪੱਧਰਾ ਕੀਤਾ ਜਾ ਸਕਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚ ਬਰਾਬਰਤਾ ਅਤੇ ਆਪਸੀ ਭਾਈਚਾਰਕ ਸਾਂਝ ਲਈ ਆਪਣੀ ਬਾਣੀ ਰਾਹੀਂ ਮਹਾਨ ਸੰਦੇਸ਼ ਦਿੱਤਾ ਹੈ, ਜਿਸ ਨੂੰ ਅਪਣਾ ਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਸੈਂਕੜੇ ਸੰਗਤਾਂ ਨੇ ਇਸ ਮੇਲੇ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਾਂਸਦ ਰਿੰਕੂ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅੱਜ ਵੀ ਪੂਰੀ ਦੁਨੀਆ ਨੂੰ ਸੇਧ ਦੇ ਰਹੀ ਹੈ ਜਿਸ ਵਿੱਚ ਭਾਈਚਾਰਕ ਸਾਂਝ ਅਤੇ ਆਪਸੀ ਸਦਭਾਵਨਾ ਦਾ ਸੰਦੇਸ਼ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਆਪਣੀ ਪਤਨੀ ਡਾ: ਸੁਨੀਤਾ ਰਿੰਕੂ ਨਾਲ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਪੁੱਜੇ ਅਤੇ ਮੱਥਾ ਟੇਕਿਆ ਅਤੇ ਜ਼ਿਲ੍ਹੇ ਭਰ ‘ਚ ਵੱਖ-ਵੱਖ ਥਾਵਾਂ ‘ਤੇ ਕੱਢੀ ਗਈ ਸ਼ੋਭਾ ਯਾਤਰਾ ‘ਚ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਸ਼ੀਤਲ ਅੰਗੁਰਾਲ, ਪੰਜਾਬ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਰਮਨ ਅਰੋੜਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਹਲਕਾ ਕੈਂਟ ਇੰਚਾਰਜ ਓਲੰਪੀਅਨ ਸੁਰਿੰਦਰ ਸੋਢੀ, ਅਸ਼ਵਨੀ ਅਗਰਵਾਲ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸਮੂਹ ਟੀਮ ਸ਼੍ਰੀ ਗੁਰੂ ਰਵਿਦਾਸ ਮੰਦਰ ਅਤੇ ਇਸਤਰੀ ਸਭਾ ਨੇ ਪ੍ਰੋਗਰਾਮ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।