ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵੀਰਵਾਰ ਨੂੰ ਵਿੱਤੀ ਸਾਲ 2024-25 ਦੇ ਲਈ ਮੋਦੀ ਸਰਕਾਰ ਦਾ ਦੂਜਾ ਅੰਤਰਿਮ ਬਜਟ ਪੇਸ਼ ਕੀਤਾ ਗਿਆ। ਆਪਣੇ ਭਾਸ਼ਣ ਦੌਰਾਨ ਨਿਰਮਲਾ ਸੀਤਾਰਮਨ ਨੇ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ, ਯੋਜਨਾਵਾਂ, ਮਹਿਲਾਵਾਂ ਤੇ ਨੌਜਵਾਨਾਂ ਦੇ ਸਸ਼ਕਤੀਕਰਨ ਤੇ ਸੈਰ-ਸਪਾਟੇ ਸਣੇ ਹੋਰ ਚੀਜ਼ਾਂ ਦੇ ਬਾਰੇ ਗੱਲ ਕੀਤੀ। ਬਜਟ ਪੇਸ਼ ਹੋਣ ਮਗਰੋਂ ਪੀਐੱਮ ਮੋਦੀ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਇਸਨੂੰ ਦੇਸ਼ ਦੇ ਭਵਿੱਖ ਦੇ ਨਿਰਮਾਣ ਵਾਲਾ ਬਜਟ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਅੰਤਰਿਮ ਬਜਟ ਸਮਾਵੇਸ਼ੀ ਅਤੇ ਨਵੀਨਤਾਕਾਰੀ ਹੈ। ਇਸ ਬਜਟ ਵਿੱਚ ਨਿਰੰਤਰਤਾ ਦਾ ਭਰੋਸਾ ਹੈ। ਇਹ ਬਜਟ ਵਿਕਸਤ ਭਾਰਤ ਦੇ ਚਾਰ ਥੰਮ੍ਹ ਨੌਜਵਾਨਾਂ, ਗਰੀਬਾਂ, ਔਰਤਾਂ ਅਤੇ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਬਜਟ ਦੇਸ਼ ਦੇ ਭਵਿੱਖ ਦੇ ਨਿਰਮਾਣ ਦਾ ਬਜਟ ਹੈ। ਇਹ ਬਜਟ 2047 ਦੇ ਵਿਕਸਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਗਾਰੰਟੀ ਦਿੰਦਾ ਹੈ। ਮੈਂ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਪੀਐਮ ਮੋਦੀ ਨੇ ਕਿਹਾ ਕਿ ਅਸੀਂ ਇੱਕ ਵੱਡਾ ਟੀਚਾ ਤੈਅ ਕਰਦੇ ਹਾਂ, ਉਸਨੂੰ ਹਾਸਿਲ ਕਰਦੇ ਹਾਂ। ਅਸੀਂ ਪਿੰਡਾਂ ਤੇ ਸ਼ਹਿਰਾਂ ਵਿੱਚ ਗਰੀਬਾਂ ਲਈ 4 ਕਰੋੜ ਤੋਂ ਵੱਧ ਘਰ ਬਣਾਏ ਤੇ ਹੁਣ ਅਸੀਂ 2 ਕਰੋੜ ਹੋਰ ਘਰ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੁਣ 3 ਕਰੋੜ ‘ਲੱਖਪਤੀ ਦੀਦੀ’ ਬਣਾਉਣ ਦਾ ਹੈ। ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਹੁਣ ਆਯੁਸ਼ਮਾਨ ਯੋਜਨਾ ਦਾ ਲਾਭ ਮਿਲੇਗਾ।
ਪੀਐਮ ਨੇ ਕਿਹਾ ਕਿ ਵੰਦੇ ਭਾਰਤ ਸਟੈਂਡਰਡ ਦੇ 40 ਹਜ਼ਾਰ ਕੋਚ ਬਣਾਉਣ ਅਤੇ ਉਨ੍ਹਾਂ ਨੂੰ ਆਮ ਰੇਲ ਗੱਡੀਆਂ ਵਿੱਚ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਕਰੋੜਾਂ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਦਾ ਅਨੁਭਵ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਬਜਟ ਨੌਜਵਾਨ ਭਾਰਤ ਦੀਆਂ ਨੌਜਵਾਨ ਇੱਛਾਵਾਂ ਦਾ ਪ੍ਰਤੀਬਿੰਬ ਹੈ। ਅੱਜ ਦੇ ਬਜਟ ਵਿੱਚ, ਦੇਸ਼ ਵਿੱਚ ਖੋਜ ਅਤੇ ਨਵੀਨਤਾ ਨੂੰ ਮਜ਼ਬੂਤ ਕਰਨ ਲਈ ਇੱਕ ਫੰਡ ਬਣਾਉਣ ਲਈ 1 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।