ਅੰਮ੍ਰਿਤਸਰ : ਬਿਆਸ ਹਾਈਵੇਅ ਤੇ ਆਏ ਦਿਨ ਜਿੱਥੇ ਸੜਕ ਹਾਦਸਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਹੀ ਅਜਿਹੇ ਸੜਕਾਂ ਹਾਦਸਿਆਂ ਨੂੰ ਰੋਕਣ ਦੇ ਲਈ ਅਤੇ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਚਲਾਨ ਕਰਨ ਦੇ ਲਈ ਹੁਣ ਵੱਡੀ ਗਿਣਤੀ ਵਿੱਚ ਟਰੈਫਿਕ ਪੁਲਿਸ ਦੀਆਂ ਟੀਮਾਂ ਸੜਕਾਂ ਉੱਤੇ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਹ ਤਸਵੀਰਾਂ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਦੀਆਂ ਹਨ ਜਿੱਥੇ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੀਆਂ ਟ੍ਰੈਫ਼ਿਕ ਟੀਮਾਂ ਵੱਲੋਂ ਵੱਡੀ ਨਾਕੇਬੰਦੀ ਕੀਤੀ ਗਈ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਟਰੈਫਿਕ ਪੁਲਿਸ ਦੇ ਅਧਿਕਾਰੀ ਕਮਲਜੀਤ ਨੇ ਦੱਸਿਆ ਕਿ ਲਗਾਤਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਦੇ ਚਲਦੇ ਹੋਏ ਹੁਣ ਰੋਜ਼ਾਨਾ ਉਹਨਾਂ ਵੱਲੋਂ ਵੱਖ-ਵੱਖ ਰੂਟਾਂ ਉੱਤੇ ਨਾਕੇਬੰਦੀ ਕਰਕੇ ਜਿੱਥੇ ਵਾਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ। ਉੱਥੇ ਹੀ ਨਿਯਮਾਂ ਦੀ ਉਲੰਘਣਾ ਪਾਏ ਜਾਣ ਉੱਤੇ ਚਲਾਨ ਕਰਕੇ ਜੁਰਮਾਨੇ ਵਸੂਲੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਦੇ ਟਰੈਫਿਕ ਪੁਲਿਸ ਇੰਚਾਰਜ ਚਰਨਜੀਤ ਸਿੰਘ ਖਹਿਰਾ ਵੱਲੋਂ ਟਰੈਫਿਕ ਪੁਲਿਸ ਦੀਆਂ ਵੱਖ ਵੱਖ ਟੀਮਾਂ ਗਠਿਤ ਕਰਕੇ ਅੰਮ੍ਰਿਤਸਰ ਤੋਂ ਜੈਂਤੀਪੁਰ, ਅੰਮ੍ਰਿਤਸਰ ਤੋਂ ਕੱਥੂਨੰਗਲ, ਅੰਮ੍ਰਿਤਸਰ ਤੋਂ ਬਿਆਸ, ਅੰਮ੍ਰਿਤਸਰ ਤੋਂ ਅਜਨਾਲਾ, ਅੰਮ੍ਰਿਤਸਰ ਤੋਂ ਅਟਾਰੀ ਰੂਟ ਤੇ ਟੀਮਾਂ ਤੈਨਾਤ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਵਾਲਿਆ ਦੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਵੀ ਲੋਕਾਂ ਨੂੰ ਕਈ ਵਾਰ ਟ੍ਰੈਫ਼ਿਕ ਦੇ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਪਰ ਕਈ ਲੋਕ ਅਜੇ ਵੀ ਇਨ੍ਹਾਂ ਨਿਯਮਾਂ ਵੱਲ ਧਿਆਨ ਨਹੀਂ ਦਿੰਦੇ, ਜੀ ਦੇ ਚੱਲਦੇ ਹੁਣ ਪੁਲਿਸ ਦੇ ਵੱਲੋਂ ਅਜਿਹੇ ਲੋਕਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ।