Skip to content
ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਜੇਲ੍ਹ ਅਧਿਕਾਰੀਆਂ ਸਾਹਮਣੇ ਸਰੈਂਡਰ ਕਰਨ ਦਾ ਨਿਰਦੇਸ਼ ਦਿੱਤਾ। ਭੁੱਲਰ ਦੀ ਪੈਰੋਲ ਦੀ ਮਿਆਦ ਸ਼ੁੱਕਰਵਾਰ ਨੂੰ ਖਤਮ ਹੋ ਰਹੀ ਸੀ। ਭੁੱਲਰ ਨੇ ਗੰਭੀਰ ਸ਼ਾਈਜ਼ੋਫਰੀਨੀਆ ਤੋਂ ਪੀੜਤ ਅਤੇ ਇਲਾਜ ਦੇ ਆਧਾਰ ‘ਤੇ ਛੋਟ ਦੀ ਮੰਗ ਕੀਤੀ ਸੀ।
ਜਸਟਿਸ ਗਿਰੀਸ਼ ਕਠਪਾਲੀਆ ਨੇ ਕਿਹਾ ਕਿ ਜੇਲ੍ਹ ਵਿੱਚ ਸਹੀ ਇਲਾਜ ਉਪਲਬਧ ਹੈ। ਅਦਾਲਤ ਨੇ ਆਪਣੇ ਹੁਕਮ ਵਿੱਚ ਦਰਜ ਕੀਤਾ ਕਿ ਅੰਸ਼ਿਕ ਬਹਿਸ ਤੋਂ ਬਾਅਦ ਪ੍ਰੋ. ਭੁੱਲਰ ਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਅਤੇ ਭਰੋਸਾ ਦਿੱਤਾ ਕਿ ਭੁੱਲਰ ਦਿਨ ਦੌਰਾਨ ਆਤਮ ਸਮਰਪਣ ਕਰ ਦੇਣਗੇ। ਅਦਾਲਤ ਨੇ ਕਿਹਾ ਕਿ ਪਟੀਸ਼ਨ ਨੂੰ ਵਾਪਸ ਲੈ ਲਿਆ ਗਿਆ ਮੰਨ ਕੇ ਖਾਰਿਜ ਕੀਤਾ ਜਾਂਦਾ ਹੈ।
ਪ੍ਰੋ. ਭੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੇ ਮੁਵੱਕਿਲ ਕਦੇ ਵੀ ਬੈਰਕ ਵਿੱਚ ਨਹੀਂ ਗਏ ਅਤੇ ਹਮੇਸ਼ਾ ਹਸਪਤਾਲ ਵਿੱਚ ਹੀ ਰਹਿੰਦੇ ਹਨ। ਪੈਰੋਲ ਦੌਰਾਨ ਵੀ ਉਹ ਹਰ ਹਫ਼ਤੇ ਜੇਲ੍ਹ ਨਾਲ ਜੁੜੇ ਹਸਪਤਾਲ ਵਿੱਚ ਹਾਜ਼ਰੀ ਦਰਜ ਕਰਵਾਉਂਦੇ ਸਨ। ਵਕੀਲ ਨੇ ਕਿਹਾ ਕਿ 30 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਅਪਰਾਧ ਲਈ ਵੀ ਕਾਨੂੰਨ ਤਹਿਤ ਰਾਹਤ ਦਾ ਹੱਕਦਾਰ ਹੋਣਾ ਚਾਹੀਦਾ ਹੈ। ਅਦਾਲਤ ਨੇ ਨੋਟ ਕੀਤਾ ਕਿ ਪ੍ਰੋ. ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਪੈਂਡਿੰਗ ਹੈ, ਪਰ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਸਰੈਂਡਰ ਕਰਨਾ ਪਵੇਗਾ।
Post Views: 2,049
Related