ਲੁਧਿਆਣਾ ਦੇ ਹੈਬੋਵਾਲ ਸਥਿਤ ਸੰਕਟਮੋਚਨ ਹਨੂੰਮਾਨ ਮੰਦਿਰ ਦੇ ਬਾਹਰ ਮੰਗਲਵਾਰ ਸ਼ਾਮ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਦੋ ਅਣਪਛਾਤੇ ਬੰਦਿਆਂ ਨੇ ਮੰਦਰ ਦੇ ਮੁੱਖ ਗੇਟ ਦੇ ਬਾਹਰ ਪਾਕਿਸਤਾਨੀ ਝੰਡੇ ਲਗਾ ਦਿੱਤੇ। ਘਟਨਾ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਮੰਦਰ ਕਮੇਟੀ ਦੇ ਪ੍ਰਧਾਨ ਰਿਸ਼ੀ ਜੈਨ ਮੁਤਾਬਕ ਦੋ ਬੰਦੇ ਸਕੂਟਰੀ ‘ਤੇ ਆਏ ਅਤੇ ਮੰਦਰ ਦੇ ਮੇਨ ਗੇਟ ਦੇ ਬਾਹਰ ਜ਼ਮੀਨ ‘ਤੇ ਪਾਕਿਸਤਾਨੀ ਝੰਡੇ ਰੱਖ ਕੇ ਭੱਜ ਗਏ। ਝੰਡੇ ਦੇਖ ਕੇ ਸਥਾਨਕ ਲੋਕਾਂ ਨੇ ਮੰਦਰ ਕਮੇਟੀ ਨੂੰ ਸੂਚਨਾ ਦਿੱਤੀ। ਇਹ ਸਾਰੀ ਘਟਨਾ ਮੰਦਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਸ਼ੀਆਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ‘ਚ ਝੰਡੇ ਲਾਏ ਹਨ ਜਾਂ ਪਾਕਿਸਤਾਨ ਦੇ ਸਮਰਥਨ ‘ਚ। ਮੰਦਰ ਦੇ ਅਧਿਕਾਰੀ ਅਨੁਜ ਜੈਨ ਨੇ ਦੱਸਿਆ ਕਿ ਇੱਥੇ ਹਰ ਮੰਗਲਵਾਰ ਬਾਲਾਜੀ ਦੀ ਚੌਂਕੀ ਹੁੰਦੀ ਹੈ। ਇਹ ਘਟਨਾ ਅਜਿਹੇ ਪਵਿੱਤਰ ਦਿਹਾੜੇ ‘ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ। ਹਿੰਦੂ ਸੰਗਠਨਾਂ ਨੇ ਇਸ ਕਾਰਵਾਈ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਥਾਣਾ ਬੋਵਾਲ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮੰਦਰ ਕਮੇਟੀ ਅਤੇ ਹਿੰਦੂ ਸੰਗਠਨਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।