ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਹਾਕਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸਮੇਂ ਅਪਣਾਇਆ ਜਾਂਦਾ ਲਿਫਾਫਾ ਕਲਚਰ ਖਤਮ ਕਰਵਾ ਦਿੱਤਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ।

    ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਹਾਕਿਆਂ ਤੋਂ ਬਾਦਲਾਂ ਨੇ ਆਪਣੀ ਪਾਰਟੀ ਨੂੰ ਘਰ ਦੀ ਪਾਰਟੀ ਬਣਾ ਕੇ ਲਿਫਾਫਾ ਕਲਚਰ ਚਲਾਇਆ ਹੋਇਆ ਸੀ ਤੇ ਹਮੇਸ਼ਾ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਹੀ ਪਤਾ ਚਲਦਾ ਸੀ ਕਿ ਅਗਲਾ ਪ੍ਰਧਾਨ ਕੌਣ ਹੋਵੇਗਾ। ਉਹਨਾਂ ਕਿਹਾ ਕਿ ਪਿਛਲੀ ਵਾਰ ਬੀਬੀ ਜਗੀਰ ਕੌਰ ਵੱਲੋਂ ਚੋਣ ਲੜਨ ਕਾਰਨ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਦਾ ਨਾਂ ਇਕ ਦਿਨ ਪਹਿਲਾਂ ਐਲਾਨਣ ਲਈ ਮਜਬੂਰ ਹੋ ਗਿਆ ਸੀ। ਇਸ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਦਾ ਨਾਂ ਇਕ ਦਿਨ ਪਹਿਲਾਂ ਐਲਾਨਣ ਲਈ ਮਜਬੂਰ ਹੋ ਗਿਆ ਹੈ।

    ਉਹਨਾਂ ਕਿਹਾ ਕਿ ਲਿਫਾਫਾ ਕਲਚਰ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਲਿਆਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ਼ ਨੂੰ ਖੋਰਾ ਲਾਇਆ ਹੋਇਆ ਸੀ। ਉਹਨਾਂ ਕਿਹਾ ਕਿ ਸਿੱਖ ਕੌਮ ਦੀ ਇੰਨੀ ਵੱਡੀ ਸੰਸਥਾ ਦੀ ਸਾਖ਼ ਨੂੰ ਖੋਰਾ ਲਾਉਣ ਲਈ ਸਿਰਫ ਤੇ ਸਿਰਫ ਬਾਦਲ ਪਰਿਵਾਰ ਹੀ ਜ਼ਿੰਮੇਵਾਰ ਹੈ ਜਿਸਨੇ ਲਿਫਾਫਾ ਕਲਚਰ ਸ਼ੁਰੂ ਕੀਤਾ।
    ਉਹਨਾਂ ਕਿਹਾ ਕਿ ਜਿਵੇਂ ਦੇਸ਼ ਵਿਚ ਲੋਕਤੰਤਰੀ ਵਿਵਸਥਾ ਹੈ, ਉਸੇ ਤਰੀਕੇ ਸ਼੍ਰੋਮਣੀ ਕਮੇਟੀ ਵਿਚ ਲੋਕਤੰਤਰੀ ਵਿਵਸਥਾ ਹੈ। ਜਿਵੇਂ ਦੇਸ਼ ਦੀ ਸਰਕਾਰ ਚੁਣਨ ਵਾਸਤੇ ਵੋਟਾਂ ਪਾ ਕੇ ਸਰਕਾਰ ਚੁਣੀ ਜਾਂਦੀ ਹੈ, ਉਸੇ ਤਰੀਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਲਈ ਵੀ ਵੋਟਾਂ ਪਾ ਕੇ ਸਦਨ ਚੁਣਿਆ ਜਾਂਦਾ ਹੈ ਜੋ ਅੱਗੇ ਟੀਮ ਦੀ ਚੋਣ ਕਰਦਾ ਹੈ। ਉਹਨਾਂ ਕਿਹਾ ਕਿ ਲੋਕਤੰਤਰੀ ਵਿਵਸਥਾ ਵਿਚ ਸਭ ਕੁਝ ਸਾਫ ਸੁਥਰਾ ਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੀਬੀ ਜਗੀਰ ਕੌਰ ਨੇ ਆਪ ਚੋਣ ਲੜ ਕੇ ਸ਼੍ਰੋਮਣੀ ਕਮੇਟੀ ਵਿਚ ਇਹ ਪਾਰਦਰਸ਼ਤਾ ਬਹਾਲ ਕੀਤੀ ਹੈ