ਪੰਜਾਬ ‘ਚ ਲਗਾਤਾਰ ਸਿੱਖਿਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਅਜਿਹੇ ‘ਚ ਸਕੂਲੀ ਸਿੱਖਿਆ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ ਜਿਸਦੇ ਤਹਿਤ ਖਾਨ ਅਕੈਡਮੀ ਪੰਜਾਬ ਦੇ ਸਕੂਲਾਂ ਵਿੱਚ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਸ਼ੇਸ਼ ਸਿਖਲਾਈ ਦੇਵੇਗੀ।

    ਇਸ ਦੌਰਾਨ ਮੈਥ ਵਿਸ਼ੇ ‘ਤੇ ਵਿਸ਼ੇਸ਼ ਟਰੇਨਿੰਗ ਦਿੱਤੀ ਜਾਵੇਗੀ। ਦੱਸ ਦਈਏ ਕਿ ਖਾਨ ਅਕੈਡਮੀ ਆਪਣੇ ਅਧਿਆਪਨ ਦੇ ਢੰਗ ਲਈ ਦੇਸ਼ ਭਰ ਵਿੱਚ ਮਸ਼ਹੂਰ ਹੈ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

    ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਖਾਨ ਅਕੈਡਮੀ ਦੀ ਮਦਦ ਨਾਲ 6 ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਪਰਸਨਲਾਈਜ਼ਡ ਪ੍ਰੈਕਟਿਸ ਪ੍ਰੋਗਰਾਮ ਚੱਲ ਰਿਹਾ ਹੈ।

    ਇਸ ਪਰਸਨਲਾਈਜ਼ਡ ਪ੍ਰੈਕਟਿਸ ਪ੍ਰੋਗਰਾਮ ਦੇ ਸੰਬੰਧ ਵਿੱਚ ਖਾਨ ਅਕੈਡਮੀ ਦੇ ਨੁਮਾਇੰਦੇ 219 ਸਰਕਾਰੀ ਸਕੂਲਾਂ ‘ਚ ਜਾਣਗੇ ਤਾਂ ਜੋ ਉਹ ਖਾਨ ਅਕੈਡਮੀ ਪੋਰਟਲ ਦੀ ਵਰਤੋਂ ਸੰਬੰਧੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਦਦ ਕਰ ਸਕਣ ਅਤੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀ ਪਰਸਨਲਾਈਜ਼ਡ ਪ੍ਰੈਕਟਿਸ ਕਰਨ ਲਈ ਪ੍ਰੋਤਸਾਹਿਤ ਕਰ ਸਕਣ।

    ਇਸਦੇ ਨਾਲ ਹੀ ਖਾਨ ਅਕੈਡਮੀ ਦੇ ਇੱਕ ਜਾਂ ਦੋ ਨੁਮਾਇੰਦੇ ਸਕੂਲ ਮੁੱਖੀ ਨੂੰ ਪਹਿਲਾਂ ਦੱਸ ਕੇ ਸਕੂਲ ਸਮੇਂ ਦੌਰਾਨ ਸਕੂਲਾਂ ਵਿੱਚ ਵਿਜ਼ਿਟ ਕਰਨਗੇ। ਇਸਦੇ ਲਈ ਸੰਬੰਧਤ ਸਕੂਲ ਮੁਖੀਆਵਾਂ ਨੂੰ ਖਾਨ ਅਕੈਡਮੀ ਦੇ ਨੁਮਾਇੰਦਿਆਂ ਨਾਲ ਇਸ ਕੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ ਹੈ।

    ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਚੁੱਕਣ ਲਈ ਨਿੱਤ ਨਵੇਂ ਉਪਰਾਲੇ ਲਏ ਜਾਂਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਵੇਂ ਉਪਰਾਲਿਆਂ ਵਜੋਂ ਕਈ ਕਦਮ ਚੁੱਕੇ ਗਏ ਹਨ ਜਿਵੇਂ ਹੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਬਾਹਰ ਭੇਜਣਾ, ਬੱਚਿਆਂ ਨੂੰ ISRO ਵਰਗੀ ਵੱਡੀ ਸੰਸਥਾਵਾਂ ‘ਚ ਭੇਜਣਾ ਅਤੇ ਨਾਲ ਹੀ ਜਲਦ ਸਰਕਾਰੀ ਸਕੂਲਾਂ ਵਿੱਚ AI ਦੀ ਤਕਨੀਕ ਬਾਰੇ ਵੀ ਪੜ੍ਹਾਇਆ ਜਾਵੇਗਾ।