ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 40 ਸਾਲਾ ਵਿਅਕਤੀ ਨੇ ਆਪਣੇ 70 ਸਾਲਾ ਪਿਤਾ ਦਾ ਸਿਰਫ਼ 10 ਰੁਪਏ ਨਾ ਦੇਣ ਕਾਰਨ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਅਨੁਸਾਰ ਮੁਲਜ਼ਮ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪਿਤਾ ਬਾਈਧਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਫਿਰ ਕੱਟਿਆ ਹੋਇਆ ਸਿਰ ਲੈ ਕੇ ਸਿੱਧਾ ਥਾਣੇ ਜਾ ਕੇ ਆਤਮ ਸਮਰਪਣ ਕਰ ਦਿੱਤਾ।
ਬਾਰੀਪਾਡਾ ਦੇ ਐਸਡੀਪੀਓ ਪ੍ਰਵੀਨ ਮਲਿਕ ਨੇ ਦੱਸਿਆ ਕਿ ਕਤਲ ਦਾ ਕਾਰਨ ਬਹੁਤ ਮਾਮੂਲੀ ਸੀ। ਦੋਸ਼ੀ ਨੇ ਆਪਣੇ ਪਿਤਾ ਤੋਂ 10 ਰੁਪਏ ਮੰਗੇ ਸਨ ਤਾਂ ਜੋ ਉਹ ਗੁਟਖਾ ਖ਼ਰੀਦ ਸਕੇ ਪਰ ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਬੇਟੇ ਨੇ ਗੁੱਸੇ ‘ਚ ਆ ਕੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਘਟਨਾ ਸਮੇਂ ਦੋਸ਼ੀ ਦੀ ਮਾਂ ਵੀ ਉੱਥੇ ਮੌਜੂਦ ਸੀ ਪਰ ਆਪਣੇ ਪਤੀ ਦਾ ਕਤਲ ਹੁੰਦਾ ਦੇਖ ਕੇ ਉਹ ਡਰ ਗਈ ਅਤੇ ਮੌਕੇ ਤੋਂ ਭੱਜ ਗਈ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਫ਼ੋਰੈਂਸਿਕ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਘਟਨਾ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਲੋਕਾਂ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਸਿਰਫ਼ ਦਸ ਰੁਪਏ ਲਈ ਇੱਕ ਪੁੱਤਰ ਆਪਣੇ ਪਿਤਾ ਨੂੰ ਕਿਵੇਂ ਮਾਰ ਸਕਦਾ ਹੈ। ਘਟਨਾ ਤੋਂ ਬਾਅਦ ਲੋਕ ਵੱਖ-ਵੱਖ ਗੱਲਾਂ ਕਰ ਰਹੇ ਹਨ।