Skip to content
ਹਾਂਗਕਾਂਗ : ਹਾਂਗਕਾਂਗ ਵਿਚ ਇਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਵਿਚ ਫ਼ਾਇਰ ਫ਼ਾਈਟਰ ਅਜੇ ਵੀ ਪੀੜਤਾਂ ਦੀ ਭਾਲ ਕਰ ਰਹੇ ਹਨ। ਕੰਪਲੈਕਸ ਦੀਆਂ 8 ਇਮਾਰਤਾਂ ਵਿੱਚੋਂ 7 ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈਆਂ, ਜਿਸ ਨਾਲ ਘੱਟੋ-ਘੱਟ 128 ਲੋਕ ਮਾਰੇ ਗਏ।
ਹਾਂਗਕਾਂਗ ਫ਼ਾਇਰ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਡੇਰੇਕ ਆਰਮਸਟਰਾਂਗ ਚੈਨ ਨੇ ਕਿਹਾ ਕਿ ਇਮਾਰਤਾਂ ਵਿਚੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 128 ਹੋ ਗਈ। ਪੀੜਤਾਂ ਦੀ ਭਾਲ ਅਜੇ ਵੀ ਜਾਰੀ ਹੈ। ਰਿਪੋਰਟਾਂ ਅਨੁਸਾਰ, ਬੁੱਧਵਾਰ ਨੂੰ ਵਾਂਗ ਫੁਕ ਕੋਰਟ ਕੰਪਲੈਕਸ ਦੀਆਂ 8 ਇਮਾਰਤਾਂ ਵਿਚੋਂ ਇਕ ਵਿਚ ਭਿਆਨਕ ਅੱਗ ਲੱਗ ਗਈ।
ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲੀਆਂ, ਜਿਸ ਨਾਲ 7 ਇਮਾਰਤਾਂ ਇਸ ਦੀ ਲਪੇਟ ਵਿਚ ਆ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਇਮਾਰਤਾਂ ਵਿਚ ਪੀੜਤਾਂ ਦੀ ਭਾਲ ਸ਼ੁੱਕਰਵਾਰ ਤਕ ਪੂਰੀ ਹੋ ਸਕਦੀ ਹੈ, ਜਿਸ ਤੋਂ ਬਾਅਦ ਇਹ ਬਚਾਅ ਕਾਰਜ ਬੰਦ ਕਰ ਦਿਤਾ ਜਾਵੇਗਾ। ਚੈਨ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਅਸਲ ਗਿਣਤੀ ਖੋਜ ਅਤੇ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਪੁਲਿਸ ਨੇ ਦਸਿਆ ਕਿ ਇਕ ਉਸਾਰੀ ਕੰਪਨੀ ਦੇ ਡਾਇਰੈਕਟਰ ਅਤੇ ਇਕ ਇੰਜੀਨੀਅਰਿੰਗ ਸਲਾਹਕਾਰ ਸਮੇਤ ਕੁੱਲ 8 ਲੋਕਾਂ ਨੂੰ ਗ਼ੈਰ-ਇਰਾਦਤਨ ਕਤਲ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। (ਏਜੰਸੀ)
Post Views: 2,005
Related