ਮੁਜ਼ੱਫਰਨਗਰ ਦੇ ਇਕ ਲਾੜੇ ਨੇ ਵਿਆਹ ਸਮਾਰੋਹ ਦੀ ਰਸਮ ਵਿਚ ਕੁਝ ਅਜਿਹਾ ਕੀਤਾ ਕਿ ਸਾਰਿਆਂ ਦਾ ਦਿਲ ਜਿੱਤ ਲਿਆ। ਅਵਧੇਸ਼ ਰਾਣਾ ਨੇ ਤਿਲਕ ਰਸਮ ਦੌਰਾਨ 31 ਲੱਖ ਰੁਪਏ ਦਾ ਦਾਜ ਠੁਕਰਾ ਦਿੱਤਾ ਤੇ ਸਿਰਫ 1 ਰੁਪਏ ਦਾ ਸਗਨ ਸਵੀਕਾਰ ਕੀਤਾ। ਅਸਲ ਵਿਚ ਦੁਲਹਨ ਅਦਿਤੀ ਸਿੰਘ ਦੇ ਪਿਤਾ ਦੀ ਮੌਤ ਕੋਵਿਡ ਦੌਰਾਨ ਹੋਈ ਸੀ। ਤਿਲਕ ਦੀ ਰਸਮ ਵਿਚ ਦੁਲਹਨ ਵਾਲਿਆਂ ਨੇ 31 ਲੱਖ ਰੁਪਏ ਇਕੱਠਾ ਕਰਕੇ ਥਾਲੀ ਵਿਚ ਸਜਾ ਕੇ ਰਖੇ ਸਨ ਪਰ ਲਾੜੇ ਅਵਧੇਸ਼ ਨੇ ਇਸ ਥਾਲੀ ਦੇ ਸਾਹਮਣੇ ਸਿਰ ਝੁਕਾਇਆ ਤੇ ਪੈਸੇ ਵਾਪਸ ਕਰਦੇ ਹੋਏ ਕਿਹਾ ਕਿ ਇਸ ‘ਤੇ ਮੇਰਾ ਕੋਈ ਹੱਕ ਨਹੀਂ ਹੈ। ਇਹ ਲਾੜੀ ਦੇ ਪਿਤਾ ਦੀ ਮਿਹਨਤ ਦੀ ਕਮਾਈ ਹੈ। ਇਸ ‘ਤੇ ਮੇਰਾ ਕੋਈ ਹੱਕ ਨਹੀਂ ਹੈ, ਮੈਂ ਇਹ ਰੁਪਏ ਨਹੀਂ ਲੈ ਸਕਦਾ। ਦਹੇਜ ਵਰਗੀਆਂ ਸਦੀਆਂ ਪੁਰਾਣੀ ਪ੍ਰਥਾ ਖਿਲਾਫ ਅਜਿਹਾ ਤੋਹਫਾ ਦੇਣ ਵਾਲੇ ਮਹਿਮਾਨ ਪਹਿਲਾਂ ਤਾਂ ਹੈਰਾਨ ਰਹਿ ਗਏ ਫਿਰ ਜ਼ੋਰਦਾਰ ਤਾੜੀਆਂ ਨਾਲ ਅਵਧੇਸ਼ ਦੀ ਪ੍ਰਸ਼ੰਸਾ ਕੀਤੀ। ਲਾੜੇ ਦੇ ਮਾਤਾ-ਪਿਤਾ ਨੇ ਵੀ ਉਸ ਦੇ ਇਸ ਫੈਸਲੇ ਦਾ ਪੂਰਾ ਸਮਰਥਨ ਕੀਤਾ। ਇਸ ਦੇ ਬਾਅਦ ਵਿਆਹ ਦਾ ਮਾਹੌਲ ਹੋਰ ਵੀ ਖੁਸ਼ਨੁਮਾ ਹੋ ਗਿਆ। ਅਖੀਰ ਵਿਚ ਲਾੜੀ ਅਦਿਤੀ ਮੁਸਕਰਾਉਂਦੇ ਹੋਏ ਸਹੁਰੇ ਘਰ ਵਿਦਾ ਹੋਈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਵਧੇਸ਼ ਰਾਣਾ ਨੇ ਹੱਥ ਜੋੜ ਕੇ ਪੈਸਾ ਵਾਪਸ ਕਰਕੇ ਜੋ ਸੰਦੇਸ਼ ਦਿੱਤਾ, ਉਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਦਾਜ ਦੇ ਲਾਲਚੀਆਂ ਲਈ ਇਕ ਸਖਤ ਸੰਦੇਸ਼ ਹੈ।