ਸਿੱਖ ਨੂੰ ਦੇਸ਼ ਤੇ ਵਿਦੇਸ਼ ਵਿਚ ਸਿਆਸੀ ਅਹਿਮੀਅਤ ਹਾਸਲ ਕਰਨ ਵਾਸਤੇ ਇਕਜੁੱਟ ਹੋਣ ਦਾ ਦਿੱਤਾ ਸੱਦਾ

    ਕਿਹਾ ਕਿ ਐਨ ਡੀ ਏ ਸਰਕਾਰ ਨੇ ਸਿੱਖ ਧਰਮ, ਇਤਿਹਾਸ, ਸਭਿਆਚਾਰਕ ਤੇ ਪੰਜਾਬੀ ਭਾਸ਼ਾ ਲਈ ਕੰਮ ਕੀਤਾ

    ਇਤਿਹਾਸਕ ਗੁਰਦੁਆਰਾ ਸਾਹਿਬ ਦਾਤਾ ਬੰਦੀ ਛੋੜ ਗਵਾਲੀਅਰ ਵਿਚ ਮੱਥਾ ਟੇਕਿਆ

    ਭਾਜਪਾ ਦੇ ਕੌਮੀ ਸਕੱਤਰ ਦੀਆਂ ਮੀਟਿੰਗਾਂ ਨੂੰ ਮਿਲਿਆ ਭਰਵਾਂ ਹੁੰਗਾਰਾ

    ਨਵੀਂ ਦਿੱਲੀ : ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ ਡੀ ਏ ਸਰਕਾਰ ਨੇ ਦੇਸ਼ ਵਿਚ ਸਿੱਖ ਕੌਮ ਨੂੰ ਉਹ ਅਹਿਮੀਅਤ ਦਿੱਤੀ ਹੈ ਜਿਸਦੀ ਉਹ ਆਜ਼ਾਦੀ ਮਗਰੋਂ ਤੋਂ ਪਿਛਲੇ 70 ਸਾਲਾਂ ਤੋਂ ਹੱਕਦਾਰ ਸੀ ਤੇ ਸਿੱਖ ਕੌਮ ਦੇ ਮੈਂਬਰ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਸਾਢੇ 9 ਸਾਲਾਂ ਵਿਚ ਸਿੱਖ ਕੌਮ ਵਾਸਤੇ ਕੀਤੇ ਕੰਮਾਂ ਲਈ ਉਹਨਾਂ ਦੀ ਧੰਨਵਾਦੀ ਹੈ।

    ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਇਤਿਹਾਸਕ ਗੁਰਦੁਆਰਾ ਦਾਤਾ ਬੰਦੀ ਛੋੜ ਵਿਚ ਨਤਮਸਤਕ ਹੋਣ ਮਗਰੋਂ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਕੇਂਦਰ ਵਿਚ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਸਿੱਖ ਕੌਮ ਨੂੰ ਅਣਡਿੱਠ ਕੀਤਾ ਪਰ ਇਹ ਪ੍ਰਧਾਨ ਮੰਤਰੀ ਸ੍ਰੀ ਮੋਦੀ ਹੀ ਹਨ ਜਿਹਨਾਂ ਨੇ ਸਮਝਿਆ ਕਿ ਸਿੱਖ ਕੌਮ ਨੇ ਦੇਸ਼ ਵਾਸਤੇ ਕੀ ਕੀਤਾ ਹੈ। ਉਹਨਾਂ ਕਿਹਾ ਕਿ ਨਾ ਸਿਰਫ ਗੁਰੂ ਨਾਨਕ ਦੇਵ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਇਆ ਗਿਆ ਬਲਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਉਸੇ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਜਿਥੋਂ ਉਹਨਾਂ ਨੂੰ ਸ਼ਹੀਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਹਨਾਂ ਕਿਹਾ ਕਿ ਕੌਮ ਦੇ ਮੈਂਬਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਵੀ ਉਹਨਾਂ ਦੇ ਧੰਨਵਾਦੀ ਹਨ।

    ਉਹਨਾਂ ਕਿਹਾ ਕਿ ਇਹ ਸਿਰਫ ਮੋਦੀ ਸਰਕਾਰ ਹੈ ਜਿਸਨੇ ਫੈਸਲਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚਲੇ ਭਾਰਤੀ ਸਫਾਰਤਖਾਨਿਆਂ ਤੇ ਦੂਤਘਰਾਂ ਵਿਚ ਵੀ ਮਨਾਇਆ ਜਾਵੇਗਾ।

    ਉਹਨਾਂ ਕਿਹਾ ਕਿ ਕੌਮ ਦੇ ਮੈਂਬਰਾਂ ਨੂੰ ਵੀ ਇਹ ਚੇਤਾ ਰੱਖਣਾ ਚਾਹੀਦਾ ਹੈ ਕਿ ਇਸ ਸਰਕਾਰ ਦਾ ਧੰਨਵਾਦ ਕਰਨਾ ਹੈ ਤੇ ਉਸ ਭਾਜਪਾ ਦੀ ਹਮਾਇਤ ਕਰਨੀ ਹੈ ਜੋ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹੱਲ ਵਾਸਤੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਦੇਸ਼ ਨੂੰ ਵੀ ਨਵੀਂਆਂ ਬੁਲੰਦੀਆਂ ’ਤੇ ਲੈ ਕੇ ਜਾ ਰਹੀ ਹੈ।

    ਭਾਜਪਾ ਦੇ ਕੌਮੀ ਸਕੱਤਰ ਨੇ ਸਿੱਖ ਕੌਮ ਨੂੰ ਦੇਸ਼ ਵਿਦੇਸ਼ ਵਿਚ ਸਿਆਸੀ ਤੌਰ ’ਤੇ ਵਧੇਰੇ ਤਾਕਤ ਹਾਸਲ ਕਰਨ ਵਾਸਤੇ ਇਕਜੁੱਟ ਹੋਣ ਦਾ ਸੱਦਾ ਵੀ ਦਿੱਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਵੀ ਸਿੱਖਾਂ ਨੂੰ ਮੀਰੀ-ਪੀਰੀ ਦਾ ਸਿਧਾਂਤ ਸਿਆਸੀ ਤੌਰ ’ਤੇ ਤਾਕਤਵਰ ਕਰਨ ਵਾਸਤੇ ਦਿੱਤਾ ਸੀ।

    ਸਰਦਾਰ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਐਨ ਡੀ ਏ ਸਰਕਾਰ ਨੇ ਸਿੱਖ ਕੌਮ ਦੇ ਚਾਰੇ ਪਹਿਲੂਆਂ ਧਰਮ, ਇਤਿਹਾਸ, ਸਭਿਆਚਾਰ ਤੇ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਕੰਮ ਕੀਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ 1984 ਦੇ ਕਤਲੇਆਮ ਦੇ ਕਾਤਲ ਸੱਜਣ ਕੁਮਾਰ ਤੇ ਹੋਰ ਦੋਸ਼ੀ ਮੋਦੀ ਸਰਕਾਰ ਵੱਲੋਂ ਇਹਨਾਂ ਕੇਸਾਂ ਦੀ ਮੁੜ ਜਾਂਚ ਲਈ ਐਸ ਆਈ ਟੀ ਬਣਾਏ ਜਾਣ ਮਗਰੋਂ ਜੇਲ੍ਹ ਭੇਜੇ ਗਏ ਹਨ ਜਦੋਂ ਕਿ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ।

    ਇਸ ਤੋਂ ਪਹਿਲਾਂ ਸਰਦਾਰ ਸਿਰਸਾ ਨੇ ਗਵਾਲੀਅਰ ਵਿਚ ਗੁਰਦੁਆਰਾ ਦਾਤਾ ਬੰਦੀ ਛੋੜ ਵਿਖੇ ਮੱਥਾ ਟੇਕਿਆ। ਉਹਨਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਮੈਂਬਰ ਸਰਦਾਰ ਗੁਰਦੇਵ ਸਿੰਘ ਵੀ ਸਨ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਹਾਕਮ ਸਿੰਘ ਤੇ ਡਾ. ਭੱਲਾ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।