Skip to content
ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਖੰਨਾ ਦੇ ਪ੍ਰਭਜੋਤ ਸਿੰਘ ਨੇ ਸ਼ਹਿਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਮਾਤਾ-ਪਿਤਾ, ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। 98.4% ਅੰਕ ਹਾਸਲ ਕਰਕੇ ਉਸਨੇ ਸਿਰਫ਼ ਖੰਨਾ ਹੀ ਨਹੀਂ, ਸੂਬਾ ਪੱਧਰ ‘ਤੇ ਵੀ ਆਪਣੀ ਛਾਪ ਛੱਡੀ। ਪ੍ਰਭਜੋਤ ਸਿੰਘ ਨੇ ਪੰਜਾਬ ਵਿੱਚ ਅੱਠਵਾਂ ਰੈਂਕ ਹਾਸਿਲ ਕੀਤਾ ਹੈ।
ਪ੍ਰਭਜੋਤ ਸ਼ਿਵਪੁਰੀ ਮੁਹੱਲਾ ਸਥਿਤ ਆਤਮਾ ਮਨੋਹਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ। ਉਸਨੇ ਲਗਭਗ 100 ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ। ਉਸਨੇ ਦੱਸਿਆ ਕਿ ਮੈਰਿਟ ਵਿੱਚ ਆਉਣਾ ਉਸਦਾ ਟੀਚਾ ਸੀ, ਜਿਸ ਲਈ ਉਸਨੇ ਦਿਨ-ਰਾਤ ਮਿਹਨਤ ਕੀਤੀ। 6 ਘੰਟੇ ਘਰ ਵਿੱਚ ਪੜ੍ਹਾਈ ਅਤੇ ਇੱਕ ਟਿਊਸ਼ਨ ਲੈ ਕੇ ਆਪਣੀ ਤਿਆਰੀ ਜਾਰੀ ਰੱਖੀ। ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਉਸਦੇ ਲਈ ਸਭ ਤੋਂ ਵੱਡਾ ਫੈਸਲਾ ਸੀ। ਨਵੰਬਰ ਵਿੱਚ ਹੀ ਉਸਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਸਨ।
ਪ੍ਰਭਜੋਤ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੈੱਬ ਡਿਵੈਲਪਰ ਬਣਨਾ ਚਾਹੁੰਦਾ ਹੈ। ਨਾਨ-ਮੈਡੀਕਲ ਵਿੱਚ 12ਵੀਂ ਪਾਸ ਕਰਨ ਤੋਂ ਬਾਅਦ ਹੁਣ ਉਹ B.Tech ਕਰੇਗਾ ਅਤੇ ਕੋਸ਼ਿਸ਼ ਕਰੇਗਾ ਕਿ ਗ੍ਰੈਜੂਏਸ਼ਨ ਵਿੱਚ ਵੀ ਆਪਣੀ ਮੈਰਿਟ ਬਰਕਰਾਰ ਰੱਖੇ। ਉਸਦੇ ਦਾਦਾ ਸੁਖਦੇਵ ਸਿੰਘ, ਜੋ ਕਿ ਟੈਕਸੀ ਚਲਾਉਂਦੇ ਹਨ, ਨੇ ਮਾਣ ਨਾਲ ਦੱਸਿਆ ਕਿ ਰਾਤ ਦੇ 11-12 ਵਜੇ ਵੀ ਜਦੋਂ ਉਹ ਘਰ ਆਉਂਦੇ ਸਨ, ਤਦੋਂ ਪ੍ਰਭਜੋਤ ਪੜ੍ਹਾਈ ਵਿੱਚ ਲੱਗਾ ਹੁੰਦਾ ਸੀ। ਇਹ ਉਹਨਾਂ ਲਈ ਮਾਣ ਦਾ ਮੌਕਾ ਹੈ। ਜਦੋਂ ਪ੍ਰਭਜੋਤ ਨਤੀਜੇ ਤੋਂ ਬਾਅਦ ਸਕੂਲ ਪਹੁੰਚਿਆ, ਤਾਂ ਤਾੜੀਆਂ ਦੀ ਗੂੰਜ ਨਾਲ ਸਕੂਲ ਦਾ ਮਾਹੌਲ ਗੂੰਜ ਉੱਠਿਆ। ਸਕੂਲ ਪ੍ਰਿੰਸੀਪਲ ਜੋਤੀ ਸੂਦ ਅਤੇ ਐੱਸਐੱਸ ਜੈਨ ਸਭਾ ਦੇ ਸਕੱਤਰ ਧਨੇਂਦਰ ਜੈਨ ਨੇ ਪ੍ਰਭਜੋਤ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਪ੍ਰਭਜੋਤ ਹੁਣ ਹੋਰ ਵਿਦਿਆਰਥੀਆਂ ਲਈ ਇੱਕ ਮਿਸਾਲ ਬਣ ਗਿਆ ਹੈ।
Post Views: 2,036
Related