Skip to content
ਦੋ ਦਿਨ ਪਹਿਲਾਂ ਅਬੋਹਰ ਦੇ ਪਿੰਡ ਖੂਈਆਂ ਸਰਵਰ ਵਿੱਚ ਇੱਕ ਨੌਜਵਾਨ ਨੇ ਰੇਲਵੇ ਲਾਈਨ ਨੇੜੇ ਰੇਲਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿਚ ਜੀਆਰਪੀ ਪੁਲਿਸ ਨੇ ਤਿੰਨ ਭੈਣਾਂ ਖ਼ਿਲਾਫ਼ ਬਲੈਕਮੇਲਿੰਗ ਦਾ ਕੇਸ ਦਰਜ ਕੀਤਾ ਸੀ। ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਦਾ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਹ ਤਿੰਨੇ ਭੈਣਾਂ ਪਿੰਡ ਬੇਲਣ ਪੱਤੀ ਦੀਆਂ ਰਹਿਣ ਵਾਲੀਆਂ ਦੱਸੀਆਂ ਜਾਂਦੀਆਂ ਹਨ।
ਜੀਆਰਪੀ ਦੇ ਐਸਆਈ ਦੀਦਾਰ ਸਿੰਘ ਅਤੇ ਏਐਸਆਈ ਅਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿੰਦਰ ਦੇ ਵੱਡੇ ਭਰਾ ਸੱਪਾਂਵਾਲੀ ਵਾਸੀ ਰਵਿੰਦਰ ਨੇ ਦੱਸਿਆ ਕਿ ਉਸ ਦਾ ਭਰਾ ਨੇੜਲੇ ਪਿੰਡ ਦੀ ਇੱਕ ਵਿਆਹੁਤਾ ਲੜਕੀ ਨਾਲ ਫੋਨ ’ਤੇ ਗੱਲ ਕਰਦਾ ਸੀ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਲੜਕੀ ਦੀਆਂ ਦੋ ਹੋਰ ਭੈਣਾਂ ਨੇ ਮਹਿੰਦਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।
ਇਸੇ ਕਾਰਨ ਬੀਤੇ ਦਿਨ ਮਹਿੰਦਰ ਨੇ ਖੂਈਆਂ ਸਰਵਰ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਰਵਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਤਿੰਨਾਂ ਭੈਣਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਇੰਚਾਰਜ ਦੀਦਾਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਮਹਿੰਦਰ ਨੂੰ ਤਿੰਨ ਭੈਣਾਂ ਤੰਗ ਪ੍ਰੇਸ਼ਾਨ ਕਰਦੀਆਂ ਸਨ। ਜਿਸ ਕਾਰਨ ਮਹਿੰਦਰ ਨੇ ਖ਼ੁਦਕੁਸ਼ੀ ਦਾ ਕਦਮ ਚੁੱਕਿਆ ਹੈ। ਜਿਸ ‘ਤੇ ਤਿੰਨਾਂ ਭੈਣਾਂ ਖਿਲਾਫ ਆਈਪੀਸੀ ਦੀ ਧਾਰਾ 306 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Post Views: 2,132
Related