ਕਪੂਰਥਲਾ : ਮੰਗਲਵਾਰ ਦੁਪਹਿਰ ਸ਼ਹਿਰ ਦੇ ਮੁਹੱਲਾ ਲੋਹੜੀ ਗੇਟ ’ਚ ਉਸ ਸਮੇਂ ਮਾਤਮ ਫੈਲ ਗਿਆ ਜਦ 18 ਸਾਲਾ ਲੜਕੀ ਸਾਰਿਕਾ ਨੇ ਘਰ ’ਚ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸ਼ੱਕੀ ਹਾਲਾਤ ’ਚ ਆਪਣੀ ਜਾਨ ਦੇ ਦਿੱਤੀ। ਪਰਿਵਾਰਕ ਮੈਂਬਰਾਂ ਅਨੁਸਾਰ ਕਾਫੀ ਦੇਰ ਤੱਕ ਕਮਰੇ ’ਚੋਂ ਕੋਈ ਆਵਾਜ਼ ਨਾ ਆਉਣ ’ਤੇ ਪਰਿਵਾਰ ਨੇ ਦਰਵਾਜ਼ਾ ਤੋੜਿਆ ਤਾਂ ਸਾਰਿਕਾ ਕਮਰੇ ’ਚ ਪੱਖੇ ਨਾਲ ਲਟਕੀ ਮਿਲੀ।
ਉਸ ਨੂੰ ਤੁਰੰਤ ਹੇਠਾਂ ਲਾਹ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਡਿਊਟੀ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮ੍ਰਿਤਕਾ ਸਾਰਿਕਾ (18) ਪੁੱਤਰੀ ਰਾਜਕੁਮਾਰ, ਵਾਸੀ ਮੁਹੱਲਾ ਲੋਹੜੀ ਗੇਟ, ਮੂਲ ਵਾਸੀ ਮੰਸੂਰਵਾਲ ਕਪੂਰਥਲਾ ਦੀ ਰਹਿਣ ਵਾਲੀ ਹੈ। ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਸਾਰਿਕਾ ਪੜਾਈ ’ਚ ਚੰਗੀ ਸੀ। ਇਸ ਘਟਨਾ ਤੋਂ ਬਾਅਦ ਮੁਹੱਲੇ ’ਚ ਦਹਿਸ਼ਤ ਦਾ ਮਾਹੌਲ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਸਾਰਿਕਾ ਨੂੰ ਮੰਸੂਰਵਾਲ ’ਚ ਰਹਿਣ ਵਾਲਾ ਇਕ ਨੌਜਵਾਨ ਲਗਾਤਾਰ ਤੰਗ ਕਰ ਰਿਹਾ ਸੀ। ਪਰਿਵਾਰ ਅਨੁਸਾਰ ਇਸੇ ਡਰ ਤੇ ਤਣਾਅ ਕਾਰਨ ਲੜਕੀ ਮੰਗਲਵਾਰ ਨੂੰ ਸਕੂਲ ਵੀ ਨਹੀਂ ਗਈ ਤੇ ਦੁਪਹਿਰ ਨੂੰ ਉਸ ਨੇ ਇਹ ਖਤਰਨਾਕ ਕਦਮ ਚੁੱਕਿਆ।