ਫਰੀਦਕੋਟ 20 ਮਈ (ਵਿਪਨ ਮਿੱਤਲ):– ਡਾ. ਪ੍ਰਗਿਆ ਜੈਨ ਐੱਸਐੱਸਪੀ ਫਰੀਦਕੋਟ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਲੜੀ ਤਹਿਤ ਸ਼੍ਰੀ ਸੰਦੀਪ ਕੁਮਾਰ ਐੱਸਪੀ (ਇੰਨਵੈਸਟੀਗੇਸ਼ਨ), ਫਰੀਦਕੋਟ ਦੀ ਰਹਿਨੁਮਾਈ ਹੇਠ ਸੀਆਈਏ ਫਰੀਦਕੋਟ ਅਤੇ ਸੀਆਈਏ ਜੈਤੋ ਦੀਆਂ ਟੀਮਾਂ ਵੱਲੋਂ 10 ਲੱਖ ਰੁਪਏ ਫਿਰੌਤੀ ਦੀ ਮੰਗ ਕਰਨ ਵਾਲੇ ਤਿੰਨ ਆਰੋਪੀਆਂ ਨੂੰ ਮਹਿਜ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ।ਨੰਦ ਕਿਸ਼ੋਰ ਪੁੱਤਰ ਲਾਲ ਸੰਤ ਰਾਮ ਵਾਸੀ ਆਦਰਸ਼ ਨਗਰ, ਜੈਤੋ ਵੱਲੋਂ ਸੂਚਨਾ ਦਿੱਤੀ ਗਈ ਕਿ ਉਹਨਾਂ ਦੇ ਬੇਟੇ ਲਲਿਤ ਸਿੰਗਲਾ ਨੂੰ ਕਰੀਬ 01 ਮਹੀਨੇ ਪਹਿਲਾ ਤੋ ਵੱਖ-ਵੱਖ ਨੰਬਰਾਂ ਤੋ ਫਿਰੌਤੀ ਮੰਗਣ ਦੀਆਂ ਕਾਲਾਂ ਆ ਰਹੀਆਂ ਸਨ। ਜਿਹਨਾਂ ਪਰ ਪਹਿਲਾਂ ਉਹਨਾਂ ਵੱਲੋਂ ਧਿਆਨ ਨਹੀ ਦਿੱਤਾ ਗਿਆ।ਹੁਣ 16 ਮਈ ਰਾਤ ਸਮੇ ਉਸ ਨੂੰ ਇੱਕ ਮੋਬਾਇਲ ਨੰਬਰ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਨਾ ਦੇਣ ਤੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ ਜਿਸ ਉਪੰਰਤ ਟੈਕਨੀਕਲ ਇਨਪੁੱਟ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ‘ਤੇ ਫਰੀਦਕੋਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਤਫਤੀਸ਼ ਸ਼ੁਰੂ ਕੀਤੀ ਗਈ।ਜਿਸ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਸਫਲਤਾ ਹਾਸਿਲ ਕਰਦਿਆਂ ਮਹਿਜ ਚੰਦ ਘੰਟਿਆਂ ਅੰਦਰ ਹੀ ਇਸ ਵਿੱਚ ਸ਼ਾਮਲ 03 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਕੇਸ਼ਵ ਕੁਮਾਰ ਉਰਫ ਸੈਂਟੀ ਪੁੱਤਰ ਕਰਮਚੰਦ ਵਾਸੀ ਚੈਨਾ ਰੋਡ, ਹਰਦਿਆਲ ਨਗਰ ਜੈਤੋ, ਸੰਦੀਪ ਕੁਮਾਰ ਉਰਫ ਸੇਮਾ ਪੁੱਤਰ ਖੇਮ ਚੰਦ ਵਾਸੀ ਗਲੀ ਨੰਬਰ 04, ਸੁਖਚੈਨਪੁਰਾ ਬਸਤੀ, ਜੈਤੋ ਅਤੇ ਇੱਕ ਜੁਵੇਨਾਇਲ ਵਜੋਂ ਹੋਈ ਹੈ।ਸ਼ੁਰੂਆਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਦੋਸ਼ੀਆਂ ਵੱਲੋਂ ਫਿਰੌਤੀ ਦੀ ਮੰਗ ਲਈ ਵਰਤਿਆ ਗਿਆ ਮੋਬਾਇਲ ਨੰਬਰ ਬਠਿੰਡਾ ਵਿੱਚ ਕਿਸੇ ਨੌਜਵਾਨ ਤੇ ਹਮਲਾ ਕਰਕੇ ਉਸ ਪਾਸੋਂ ਖੋਹ ਕੀਤਾ ਗਿਆ ਸੀ, ਜਿਸ ਦੀ ਵਰਤੋ ਬਾਅਦ ਵਿੱਚ ਇਹਨਾਂ ਵੱਲੋਂ ਫਿਰੌਤੀ ਦੀ ਮੰਗ ਕਰਨ ਲਈ ਕੀਤੀ ਗਈ।ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਰੇਹੜੀਆਂ ਉੱਪਰ ਸਾਮਾਨ ਦੀ ਢੋਆ ਢੁਆਈ ਦਾ ਕੰਮ ਕਰਦੇ ਸਨ, ਜਿਸ ਦੌਰਾਨ ਇਹਨਾਂ ਦੋਸ਼ੀਆਂ ਵੱਲੋਂ ਮਾਰਕੀਟਾਂ ਵਿੱਚ ਘੁੰਮ-ਫਿਰ ਕੇ ਦੁਕਾਨਾਂ ਦੇ ਸਟਰਾਂ ਅਤੇ ਬਾਹਰ ਲੱਗੇ ਫੈਲਕਸ ਬੋਰਡਾਂ ਪਰ ਲਿਖੇ ਨੰਬਰਾਂ ਦੀ ਵਰਤੋਂ ਧਮਕੀਆਂ ਦੇਣ ਲਈ ਕੀਤੀ ਗਈ ਸੀ।ਉਕਤ ਮੁਕੱਦਮੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਇਸ ਤੋ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।