ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈ ਲਿਆ ਹੈ। ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਉਤੇ ਹਮਲਾ ਕੀਤਾ ਗਿਆ ਹੈ। ਵੱਡੇ ਅੱਤਵਾਦੀ ਦੇ ਟਿਕਾਣਿਆਂ ‘ਤੇ  ਇਹ ਹਮਲਾ ਕੀਤਾ ਗਿਆ ਹੈ ਤੇ ਭਾਰਤੀ ਫੌਜੀ ਵੀਰਾਂ ਵੱਲੋਂ ਇਸ ਆਪ੍ਰੇਸ਼ਨ ਨੂੰ ‘Operation Sindoor’ ਦਾ ਨਾਂ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਇਹ ਹਮਲੇ ਬੀਤੀ ਰਾਤ ਡੇਢ ਵਜੇ ਬਹਾਵਲਪੁਰ, ਮੁਰੀਦਕੇ, ਬਾਘ, ਕੋਟਲੀ ਤੇ ਮੁਜ਼ੱਫਰਾਬਾਦ ਵਿਚ ਕੀਤੇ ਗਏ। ਦਰਅਸਲ ਪਹਿਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪ੍ਰੇਸ਼ਨ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਇਹ ਉਹੀ ਟਿਕਾਣੇ ਹਨ ਜਿਥੋਂ ਭਾਰਤ ‘ਤੇ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚੀ ਜਾ ਰਹੀ ਸੀ ਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਰੱਖਿਆ ਮੰਤਰੀ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ ਉਸ ਵਿਚ ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਵੱਲੋਂ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਥੇ ਭਾਰਤ ਖਿਲਾਫ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ। ਭਾਰਤ ਦੀ ਏਅਰ ਸਟ੍ਰਾਈਕ ਨਾਲ ਪਾਕਿਸਤਾਨ ਕੰਬ ਉਠਿਆ ਹੈ। ਪੁੰਛ ਤੇ ਰਾਜੌਰੀ ਵਿਚ ਵੀ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿਤੇ ਗਏ ਹਨ। ਅਜਿਹੇ ਵਿਚ ਪਾਕਿਸਤਾਨ ਇਕ ਵਾਰ ਫਿਰ ਤੋਂ ਗਿੱਦੜ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਪਹਿਲਗਾਮ ਹਮਲੇ ਵਿਚ 26 ਜਣੇ ਮਾਰੇ ਗਏ ਸਨ, 25 ਭਾਰਤੀ ਸਨ ਤੇ ਇਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ। ਉਸ ਹਮਲੇ ਦਾ ਬਦਲਾ ਲਿਆ ਗਿਆ ਹੈ। ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਤੋਂ ਬਾਅਦ ਕਠੂਆ ਤੇ ਸਾਂਬਾ ਵਿਚ ਵੀ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨੂੰ ਭਾਰਤੀ ਫੌਜ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।