ਨਵੀਂ ਦਿੱਲੀ : 75ਵੇਂ ਗਣਤੰਤਰ ਦਿਵਸ ਮੌਕੇ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਬਹਾਦਰੀ ਦੀਆਂ ਵੱਖ-ਵੱਖ ਸ਼੍ਰੇਣੀਆਂ ਅਤੇ ਸੇਵਾ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਸ ਵਿਚ 277 ਬਹਾਦਰੀ ਦੇ ਤਮਗ਼ੇ ਸ਼ਾਮਲ ਹਨ। ਇਹ ਜਾਣਕਾਰੀ ਵੀਰਵਾਰ ਨੂੰ ਇਕ ਸਰਕਾਰੀ ਬਿਆਨ ਵਿਚ ਦਿਤੀ ਗਈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ ਮੈਡਲਾਂ ਦੀ ਤਾਜ਼ਾ ਸਮੀਖਿਆ ਤੋਂ ਬਾਅਦ ਗਣਤੰਤਰ ਦਿਵਸ ਦੇ ਮੌਕੇ ’ਤੇ ਪੁਲਿਸ, ਫ਼ਾਇਰ ਸਰਵਿਸ, ਹੋਮ ਗਾਰਡਜ਼ ਤੇ ਸਿਵਲ ਡਿਫ਼ੈਂਸ ਅਤੇ ਸੁਧਾਰ ਸੇਵਾਵਾਂ ਦੇ ਕੁੱਲ 1132 ਕਰਮਚਾਰੀਆਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।
ਮੈਡਲਾਂ ਨੂੰ ਹੁਣ ਰਾਸ਼ਟਰਪਤੀ ਮੈਡਲ ਫਾਰ ਗੈਲੈਂਟਰੀ (ਪੀਐਮਜੀ), ਬਹਾਦਰੀ ਲਈ ਮੈਡਲ (ਜੀ.ਐਮ.), ਪ੍ਰੈਜ਼ੀਡੈਂਟ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸ (ਪੀ.ਐਸ.ਐਮ.) ਅਤੇ ਮੈਡਲ ਫਾਰ ਮੈਰੀਟੋਰੀਅਸ ਸਰਵਿਸ (ਐਮ.ਐਸ.ਐਮ.) ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ 277 ਬਹਾਦਰੀ ਪੁਰਸਕਾਰਾਂ ’ਚੋਂ 119 ਖੱਬੇ ਪੱਖੀ ਅਤਿਵਾਦ ਪ੍ਰਭਾਵਤ ਖੇਤਰਾਂ ’ਚ ਤਾਇਨਾਤ ਕਰਮਚਾਰੀਆਂ ਨੂੰ ਅਤੇ 133 ਜੰਮੂ-ਕਸ਼ਮੀਰ ਖੇਤਰ ਦੇ ਜਵਾਨਾਂ ਨੂੰ ਦਿਤੇ ਗਏ ਹਨ।
ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਦੋ ਜਵਾਨਾਂ ਨੂੰ ‘ਕਾਂਗੋ ਗਣਰਾਜ ਵਿਚ ਸਥਿਰਤਾ ਮਿਸ਼ਨ ਲਈ ਸੰਯੁਕਤ ਰਾਸ਼ਟਰ ਸੰਗਠਨ (ਮੋਨਸਕੋ) ਦੇ ਅਧੀਨ ਸ਼ਾਂਤੀ ਰਖਿਅਕ ਕਾਰਜਾਂ ਵਿਚ ਵਿਲੱਖਣ ਯੋਗਦਾਨ’ ਲਈ ਚੋਟੀ ਦਾ ਪੀਐਮਜੀ ਮੈਡਲ ਮਰਨ ਉਪਰੰਤ ਦਿਤਾ ਗਿਆ ਹੈ।ਦੋਵੇਂ ਬੁਟੇਮਬੋ ਵਿਚ ਮੋਰੱਕੋ ਰੈਪਿਡ ਡਿਪਲਾਇਮੈਂਟ ਬਟਾਲੀਅਨ (ਐਮ.ਓ.ਆਰ.ਡੀ.ਬੀ.) ਕੈਂਪ ਵਿਚ ਬੀਐਸਐਫ ਦੀ 15ਵੀਂ ਕਾਂਗੋਲੀਜ਼ ਟੁਕੜੀ ਦਾ ਹਿੱਸਾ ਸਨ। ਬੀਐਸਐਫ ਦੇ ਹੈੱਡ ਕਾਂਸਟੇਬਲ ਸਾਵਲਾ ਰਾਮ ਬਿਸ਼ਨੋਈ ਅਤੇ ਸ਼ਿਸ਼ੂ ਪਾਲ ਸਿੰਘ ਜੁਲਾਈ 2022 ਵਿਚ ਕਾਂਗੋ ਵਿਚ ਕਾਰਵਾਈ ਦੌਰਾਨ ਸ਼ਹੀਦ ਹੋਏ ਸਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਪੀਐਮਜੀ ਅਤੇ ਜੀਐਮ ਮੈਡਲ ਕ੍ਰਮਵਾਰ ‘ਬਹਾਦਰੀ ਦੇ ਦੁਰਲੱਭ ਕਾਰਜਾਂ’ ਅਤੇ ‘ਬਹਾਦਰੀ ਦੇ ਵਿਲੱਖਣ ਕਾਰਜਾਂ’ ਦੇ ਆਧਾਰ ’ਤੇ ਦਿਤੇ ਜਾਂਦੇ ਹਨ। ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਸੱਭ ਤੋਂ ਵੱਧ 72 ਬਹਾਦਰੀ ਮੈਡਲ ਪ੍ਰਾਪਤ ਕੀਤੇ। ਇਸ ਤੋਂ ਬਾਅਦ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ 65, ਮਹਾਰਾਸ਼ਟਰ ਦੇ 18, ਛੱਤੀਸਗੜ੍ਹ ਤੋਂ 26, ਝਾਰਖੰਡ ਤੋਂ 23, ਉੜੀਸਾ ਤੋਂ 15, ਦਿੱਲੀ ਪੁਲਿਸ ਦੇ 8 ਅਤੇ ਸਸ਼ਤਰ ਸੀਮਾ ਬਲ (ਐਸਐਸਬੀ) ਦੇ 21 ਜਵਾਨਾਂ ਨੂੰ ਮੈਡਲ ਦਿਤੇ ਗਏ ਹਨ।