Skip to content
ਇਸ ਮਹੀਨੇ ਦੀ ਸ਼ੁਰੂਆਤ ਵਿਚ ਈਰਾਨ ਜਾਣ ਦੇ ਬਾਅਦ ਅਗਵਾਕੀਤੇ ਗਏ ਤਿੰਨੋਂ ਭਾਰਤੀ ਨਾਗਰਿਕਾਂ ਨੂੰ ਤੇਹਰਾਨ ਪੁਲਿਸ ਨੇ ਸੁਰੱਖਿਅਤ ਬਚਾ ਲਿਆ ਹੈ। ਭਾਰਤੀ ਮਿਸ਼ਨ ਈਰਾਨੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਤੇ ਤਿੰਨਾਂ ਦੇ ਜਲਦ ਭਾਰਤ ਪਰਤਣ ਦੀ ਉਮੀਦ ਹੈ। ਇਹ ਤਿੰਨੋਂ ਭਾਰਤੀ ਆਸਟ੍ਰੇਲੀਆ ਜਾਂਦੇ ਸਮੇਂ ਅਗਵਾ ਹੋਏ ਸੀ। ਈਰਾਨ ਵਿਚ ਭਾਰਤੀ ਦੂਤਘਰ ਨੂੰ ਪੰਜਾਬ ਦੇ ਰਹਿਣ ਵਾਲੇ ਤਿੰਨੋਂ ਨੌਜਵਾਨਾਂ ਦੇ ਅਗਵਾ ਹੋਣ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਦਿੱਤੀ ਸੀ। ਇਨ੍ਹਾਂ ਵਿਚੋਂ ਇਕ ਪਰਿਵਾਰ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਈਰਾਨੀ ਦੂਤਘਰ ਨੇ ਨਵੀਂ ਦਿੱਲੀ ਵਿਚ ਬਿਆਨ ਜਾਰੀ ਕਰਕੇ ਦੱਸਿਆ ਕਿ ਇਸ ਮਾਮਲੇ ਦੀ ਸਖਤ ਨਿਗਰਾਨੀ ਕੀਤੀ ਗਈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਵਿਭਾਗ ਤੇ ਨਿਆਇਕ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਈਰਾਨ ਸਥਿਤ ਭਾਰੀ ਦੂਤਘਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਉਸ ਨੇ ਈਰਾਨੀ ਅਧਿਕਾਰੀਆਂ ਤੋਂ ਜਲਦ ਤੋਂ ਜਲਦ ਤਿੰਨਾਂ ਦੀ ਸੁਰੱਖਿਆ ਯਕੀਨੀ ਕਰਨ ਤੇ ਉਨ੍ਹਾਂ ਨੂੰ ਲੱਭਣ ਦੀ ਅਪੀਲ ਕੀਤੀ ਸੀ। ਈਰਾਨ ਵੱਲੋਂ ਭਾਰਤੀ ਮਿਸ਼ਨ ਨੂੰ ਅਧਿਕਾਰਕ ਚੈਨਲਾਂ ਰਾਹੀਂ ਮਾਮਲੇ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ।
ਈਰਾਨੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ ਤੇ ਕਿਹਾ ਸੀ ਕਿ ਉਹ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਦੇ ਝਾਂਸੇ ਵਿਚ ਨਾ ਆਉਣ ਜੋ ਅਕਸਰ ਝੂਠੇ ਵਾਅਦੇ ਕਰਕੇ ਗਲਤ ਤਰੀਕੇ ਨਾਲ ਵਿਦੇਸ਼ੀ ਦੇਸ਼ਾਂ ਵਿਚ ਨੌਕਰੀ ਦਿਵਾਉਣ ਦਾ ਦਾਅਵਾ ਕਰਦੇ ਹਨ।
ਦੱਸ ਦੇਈਏ ਕਿ ਤਿੰਨੋਂ ਨੌਜਵਾਨ ਪੰਜਾਬ ਦੇ ਸੰਗਰੂਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਦੋਸ਼ ਹੈ ਕਿ ਇਕ ਗੈਰ-ਕਾਨੂੰਨੀ ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਆਸਟ੍ਰੇਲੀਆ ਲਈ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦਿੱਤਾ ਤੇ ਫਿਰ ਉਨ੍ਹਾਂ ਨੂ ਡੰਕੀ ਰੂਟ ਰਾਹੀਂ ਈਰਾਨ ਭੇਜ ਦਿੱਤਾ ਜੋ ਮਨੁੱਖ ਤਸਕਰੀ ਲਈ ਜਾਣਿਆ ਜਾਂਦਾ ਹੈ।
Related