ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿਚ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਮੋਬਾਈਲ ‘ਤੇ ਵੀਡੀਓ ਦੇਖਦਿਆਂ ਦਿਲ ਦਾ ਦੌਰਾ ਪੈ ਗਿਆ। ਜਦੋਂ ਤੱਕ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ, ਉਦੋਂ ਤੱਕ ਉਸ ਦੇ ਸਾਹ ਰੁਕ ਚੁੱਕੇ ਸਨ। ਵਿਦਿਆਰਥੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਹਫੜਾ-ਦਫੜੀ ਮੱਚ ਗਈ।
ਖਬਰਾਂ ਮੁਤਾਬਕ ਪੂਰਾ ਮਾਮਲਾ ਅਮਰੋਹਾ ਦੇ ਸੈਦ ਨਗਲੀ ਥਾਣਾ ਖੇਤਰ ਦੇ ਪਿੰਡ ਢੱਕਾ ਦਾ ਹੈ। ਇੱਥੋਂ ਦੇ ਹੀ ਰਹਿਣ ਵਾਲੇ ਦਿਲਸ਼ਾਦ ਕੁਰੈਸ਼ੀ ਦਾ 16 ਸਾਲਾ ਪੁੱਤਰ ਅਮਨ 11ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਘਰ ‘ਚ ਆਪਣੇ ਮੋਬਾਈਲ ‘ਤੇ ਵੀਡੀਓ ਦੇਖ ਰਿਹਾ ਸੀ।ਇਸ ਦੌਰਾਨ ਮੋਬਾਈਲ ਦੇਖਦਿਆਂ ਹੀ ਵਿਦਿਆਰਥੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਦਿਲ ਦਾ ਦੌਰਾ ਪੈਣ ਪਿੱਛੋਂ ਵਿਦਿਆਰਥੀ ਦਾ ਮੋਬਾਈਲ ਫੋਨ ਹੇਠਾਂ ਡਿੱਗ ਗਿਆ, ਜਿਸ ਪਿੱਛੋਂ ਪਰਿਵਾਰ ਨੂੰ ਇਸ ਦਾ ਪਤਾ ਲੱਗਾ। ਉਸ ਦੀ ਹਾਲਤ ਅਚਾਨਕ ਵਿਗੜਨ ‘ਤੇ ਪਰਿਵਾਰ ਵਾਲੇ ਵਿਦਿਆਰਥੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ।ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਅਤੇ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਅੰਤਿਮ ਰਸਮਾਂ ਨੂੰ ਪੂਰਾ ਕਰ ਦਿੱਤਾ ਗਿਆ। ਇਸ ਅਚਨਚੇਤ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਿਲਸ਼ਾਦ ਨੇ ਦੱਸਿਆ ਕਿ ਬੇਟੇ ਨੂੰ ਕੋਈ ਬਿਮਾਰੀ ਨਹੀਂ ਸੀ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਇੰਨੀ ਛੋਟੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਪਿੰਡ ਵਾਸੀ ਵੀ ਹੈਰਾਨ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ‘ਚ ਦਿਲ ਦੇ ਦੌਰੇ ਦੇ ਮਾਮਲਿਆਂ ‘ਚ ਕਾਫੀ ਵਾਧਾ ਹੋਇਆ ਹੈ।