ਨਿਊਯਾਰਕ ਸ਼ਹਿਰ ਦੇ ਦੋ ਚਿੜੀਆਘਰਾਂ ’ਚ ਏਵੀਅਨ ਫਲੂ ਨਾਲ ਘੱਟੋ-ਘੱਟ ਤਿੰਨ ਪੰਛੀਆਂ ਦੀ ਮੌਤ ਹੋ ਗਈ ਹੈ। ਵਾਈਲਡਲਾਈਫ ਕੰਜ਼ਰਵੇਸ਼ਨ ਸੋਸਾਇਟੀ ਨੇ ਕਿਹਾ ਕਿ ਕੁਈਨਜ਼ ਚਿੜੀਆਘਰ ਵਿਚ ਤਿੰਨ ਬਤਖਾਂ ਦੀ ਵਾਇਰਸ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ ਅਤੇ ਬ੍ਰੌਨਕਸ ਚਿੜੀਆਘਰ ਵਿਚ ਮਰਨ ਵਾਲੀਆਂ ਤਿੰਨ ਬਤਖਾਂ ਅਤੇ ਨੌਂ ਜੰਗਲੀ ਪੰਛੀਆਂ ਦੀ ਲੈਬ ਜਾਂਚ ਅਜੇ ਬਾਕੀ ਹੈ।

ਅਧਿਕਾਰੀਆਂ ਨੇ ਇਕ ਬਿਆਨ ’ਚ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਪਿਛਲੇ ਦੋ ਹਫਤਿਆਂ ’ਚ ਅਸੀਂ ਪੰਛੀਆਂ ਦੀਆਂ ਕਮਜ਼ੋਰ ਪ੍ਰਜਾਤੀਆਂ ਨੂੰ ਅਪਣੇ ਪਾਰਕਾਂ ’ਚ ਸੁਰੱਖਿਅਤ ਖੇਤਰਾਂ ’ਚ ਭੇਜ ਦਿਤਾ ਹੈ।ਸ਼ੁਕਰਵਾਰ ਨੂੰ ਰਾਜ ਦੇ ਅਧਿਕਾਰੀਆਂ ਨੇ ਬ੍ਰੌਨਕਸ, ਬਰੁਕਲਿਨ ਅਤੇ ਕੁਈਨਜ਼ ਵਿਚ ਨਿਯਮਤ ਜਾਂਚ ਦੌਰਾਨ ਏਵੀਅਨ ਫਲੂ ਦੇ ਸੱਤ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਟਰੋਪੋਲੀਟਨ ਖੇਤਰ ਵਿਚ ਪੰਛੀ ਬਾਜ਼ਾਰਾਂ ਨੂੰ ਇਕ ਹਫ਼ਤੇ ਲਈ ਬੰਦ ਕਰਨ ਦੇ ਹੁਕਮ ਦਿਤੇ। ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਜਨਤਕ ਸਿਹਤ ਨੂੰ ਤੁਰਤ ਕੋਈ ਖਤਰਾ ਨਹੀਂ ਹੈ ਅਤੇ ਅਸਥਾਈ ਬੰਦ ਬਹੁਤ ਸਾਵਧਾਨੀ ਨਾਲ ਕੀਤਾ ਗਿਆ ਹੈ।ਏਵੀਅਨ ਫਲੂ ਨੇ ਦੇਸ਼ ਭਰ ਦੇ ਖੇਤਾਂ ਨੂੰ ਪ੍ਰਭਾਵਤ ਕੀਤਾ ਹੈ ਜਿਸ ਨਾਲ ਲੱਖਾਂ ਪੰਛੀਆਂ ਨੂੰ ਮਾਰ ਦਿਤਾ ਗਿਆ ਹੈ ਅਤੇ ਆਂਡਿਆਂ ਦੀਆਂ ਕੀਮਤਾਂ ਵਧ ਗਈਆਂ ਹਨ।
ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕਿਹਾ ਹੈ ਕਿ ਵਾਇਰਸ ਆਮ ਲੋਕਾਂ ਲਈ ਘੱਟ ਖਤਰਾ ਪੈਦਾ ਕਰਦਾ ਹੈ। ਏਜੰਸੀ ਨੇ ਕਿਹਾ ਕਿ ਅਮਰੀਕਾ ਵਿਚ ਮਨੁੱਖਾਂ ਵਿਚ ਬਰਡ ਫਲੂ ਦੇ 67 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ’ਚੋਂ ਕੋਈ ਵੀ ਨਿਊਯਾਰਕ ’ਚ ਨਹੀਂ ਸੀ।