ਦੇਸ਼ ਵਿੱਚ ਕੋਰੋਨਾ ਵਾਇਰਸ ਵਰਗੇ ਮਨੁੱਖੀ ਮੈਟਾਪਨਿਊਮੋਵਾਇਰਸ (HMPV) ਦੇ ਕੁੱਲ ਮਾਮਲਿਆਂ ਦੀ ਗਿਣਤੀ 18 ਤਕ ਪਹੁੰਚ ਗਈ ਹੈ। ਸੋਮਵਾਰ ਨੂੰ ਪੁਡੂਚੇਰੀ ਵਿੱਚ ਇੱਕ ਹੋਰ ਬੱਚੇ ਦਾ ਟੈਸਟ ਪਾਜ਼ੀਟਿਵ ਆਇਆ ਹੈ। ਇਸ ਤੋਂ ਪਹਿਲਾਂ 3 ਅਤੇ 5 ਸਾਲ ਦੀ ਉਮਰ ਦੇ ਦੋ ਬੱਚੇ ਸੰਕਰਮਿਤ ਪਾਏ ਗਏ ਸਨ।ਪੁਡੂਚੇਰੀ ਮੈਡੀਕਲ ਸਰਵਿਸ ਦੇ ਡਾਇਰੈਕਟਰ ਵੀ ਰਵੀਚੰਦਰਨ ਨੇ ਕਿਹਾ ਕਿ ਬੱਚਾ ਬੁਖਾਰ ਅਤੇ ਖੰਘ ਤੋਂ ਪੀੜਤ ਸੀ। ਉਸ ਨੂੰ 10 ਜਨਵਰੀ ਨੂੰ JIPMER ਵਿਚ ਦਾਖਲ ਕਰਵਾਇਆ ਗਿਆ ਸੀ। ਬੱਚਾ ਠੀਕ ਹੋ ਰਿਹਾ ਹੈ।
ਦੇਸ਼ ਵਿਚ ਸਭ ਤੋਂ ਵੱਧ 4 HMPV ਮਾਮਲੇ ਗੁਜਰਾਤ ਵਿਚ ਹਨ। ਮਹਾਰਾਸ਼ਟਰ ਵਿਚ 3, ਕਰਨਾਟਕ ਅਤੇ ਤਾਮਿਲਨਾਡੂ ਵਿਚ 2-2, ਅਤੇ ਯੂਪੀ, ਰਾਜਸਥਾਨ, ਅਸਾਮ ਅਤੇ ਬੰਗਾਲ ਵਿਚ 1-1 ਕੇਸ ਸਾਹਮਣੇ ਆਇਆ ਹੈ।
ਹੁਣ ਰਾਜਾਂ ਨੇ ਵੀ HMPV ਮਾਮਲਿਆਂ ਵਿੱਚ ਵਾਧੇ ਕਾਰਨ ਚੌਕਸੀ ਵਧਾ ਦਿਤੀ ਹੈ। ਪੰਜਾਬ ਵਿਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿਤੀ ਗਈ ਹੈ। ਇੱਥੇ ਗੁਜਰਾਤ ਦੇ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਹਨ। ਹਰਿਆਣਾ ਵਿਚ ਵੀ ਸਿਹਤ ਵਿਭਾਗ ਨੂੰ ਐਚਐਮਪੀਵੀ ਮਾਮਲਿਆਂ ‘ਤੇ ਨਜ਼ਰ ਰੱਖਣ ਦੇ ਹੁਕਮ ਦਿਤੇ ਗਏ ਹਨ।