ਪਟਿਆਲਾ ਦੀ ਤੇਜਬਾਗ ਕਾਲੋਨੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੋਂ ਦੇ ਰਹਿਣ ਵਾਲੇ 2 ਬੱਚੇ ਭੇਤਭਰੀ ਹਾਲਤ ‘ਚ ਲਾਪਤਾ ਹੋ ਗਏ ਹਨ। ਜਾਣਕਾਰੀ ਮੁਤਾਬਕ ਇਹ ਬੱਚੇ ਸੰਗਤਾਂ ਨਾਲ ਇਕ ਬੱਸ ‘ਚ ਸਵਾਰ ਹੋ ਕੇ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਗਏ ਹੋਏ ਸਨ, ਜਿਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਏ ਹਨ। ਗੁੰਮਸ਼ੁਦਾ ਬੱਚੇ ਤੇਜਬਾਗ ਕਾਲੋਨੀ ਦੇ ਰਹਿਣ ਵਾਲੇ ਕਾਰਤਿਕ ਬਾਂਸਲ ਅਤੇ ਪ੍ਰਿੰਸ ਹਨ, ਜਿਨ੍ਹਾਂ ਦੇ ਲਾਪਤਾ ਹੋਣ ’ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਦੇ ਬੁਰਾ ਹਾਲ ਹੋ ਗਿਆ ਹੈ।
ਇਸ ਮਾਮਲੇ ਸਬੰਧੀ MP ਪ੍ਰਨੀਤ ਕੌਰ ਨੇ ਟਵੀਟ ਕੀਤਾ ਹੈ ਕਿ ਮੈਂ ਪਟਿਆਲਾ ਦੇ ਤੇਜਬਾਗ ਕਲੋਨੀ ਦੇ ਨੌਜਵਾਨ ਲੜਕਿਆਂ ਕਾਰਤਿਕ ਬਾਂਸਲ ਅਤੇ ਪ੍ਰਿੰਸ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹਾਂ ਜੋ 18 ਮਈ ਤੋਂ ਲਾਪਤਾ ਹਨ। ਉਹ ਅਯੁੱਧਿਆ ‘ਚ ਸ੍ਰੀ ਰਾਮ ਮੰਦਰ ‘ਚ ਮੱਥਾ ਟੇਕਣ ਗਏ ਸਨ ਅਤੇ ਅਜੇ ਤੱਕ ਵਾਪਸ ਨਹੀਂ ਆਏ। ਉਨ੍ਹਾਂ ਅੱਗੇ ਲਿਖਾਇਆ ਕਿ ਮੈਨੂੰ ਉਮੀਦ ਹੈ ਕਿ ਬੱਚੇ ਜਲਦੀ ਹੀ ਵਾਪਸ ਆਉਣਗੇ ਮੈਂ ਉਨ੍ਹਾਂ ਦੀ ਵਾਪਸੀ ਲਈ ਅਰਦਾਸ ਕਰਦੀ ਹਾਂ।
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਤੇਜਬਾਗ ਕਾਲੋਨੀ ਤੋਂ 17 ਮਈ ਨੂੰ ਸ਼੍ਰੀ ਅਯੁੱਧਿਆ ਧਾਮ ਵਿਖੇ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਇਕ ਬੱਸ ਗਈ ਸੀ। ਇਸ ਬੱਸ ‘ਚ ਸੰਗਤਾਂ ਨਾਲ ਪ੍ਰਿੰਸ ਅਤੇ ਕਾਰਤਿਕ ਵੀ ਸ਼ਾਮਲ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨਾਲ ਬੱਚੇ ਦੀ ਫੋਨ ਤੇ ਗੱਲਬਾਤ ਵੀ ਹੋਈ ਸੀ, ਬੱਚਿਆਂ ਨੇ ਕਿਹਾ ਸੀ ਕਿ ਉਹ ਅਯੁੱਧਿਆ ਪਹੁੰਚ ਗਏ ਹਨ। ਪਰਿਵਾਰ ਵਾਲਿਆਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਅੱਗੇ ਵੀ ਬੱਚਿਆਂ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ।