ਬ੍ਰਿਟੇਨ ਵਿੱਚ ਪਹਿਲੀ ਵਾਰ ਟਰਾਂਸਪਲਾਂਟ ਕੀਤੀ ਬੱਚੇਦਾਨੀ ਤੋਂ ਬੱਚੇ ਦਾ ਜਨਮ ਹੋਇਆ ਹੈ। ਭਾਵੇਂ ਇਹ ਇੱਕ ਵਿਗਿਆਨਕ ਫ਼ਿਲਮ ਵਾਂਗ ਲੱਗ ਸਕਦਾ ਹੈ, ਪਰ ਇਹ ਸੱਚ ਹੈ। ਬੇਬੀ ਐਮੀ ਇਜ਼ਾਬੇਲ ਡੇਵਿਡਸਨ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਸ ਕੁੜੀ ਦਾ ਜਨਮ 25 ਸਾਲਾਂ ਦੀ ਸਖ਼ਤ ਮਿਹਨਤ ਅਤੇ ਖੋਜ ਦਾ ਨਤੀਜਾ ਹੈ।

ਐਮੀ ਦੀ ਮਾਂ ਗ੍ਰੇਸ ਡੇਵਿਡਸਨ (36 ਸਾਲ) ਨੂੰ ਇਹ ਖਾਸ ਤੋਹਫ਼ਾ ਉਸ ਦੀ ਵੱਡੀ ਭੈਣ ਐਮੀ ਪੁਰਡੀ (42 ਸਾਲ) ਤੋਂ ਮਿਲਿਆ ਹੈ। 2023 ਵਿੱਚ, ਬ੍ਰਿਟੇਨ ਵਿੱਚ ਪਹਿਲੀ ਸਫਲ ਬੱਚੇਦਾਨੀ ਟ੍ਰਾਂਸਪਲਾਂਟ ਸਰਜਰੀ ਹੋਈ, ਜਿਸ ਵਿੱਚ ਐਮੀ ਨੇ ਆਪਣੀ ਭੈਣ ਗ੍ਰੇਸ ਨੂੰ ਆਪਣਾ ਬੱਚੇਦਾਨੀ ਦਾਨ ਕਰ ਦਿੱਤਾ।
ਗ੍ਰੇਸ ਨੂੰ ਮੇਅਰ-ਰੋਕਿਟੈਂਸਕੀ-ਕੁਸਟਰ-ਹੌਸਰ (MRKH) ਸਿੰਡਰੋਮ ਸੀ, ਜੋ ਕਿ ਇੱਕ ਦੁਰਲੱਭ ਬਿਮਾਰੀ ਸੀ। ਇਹ ਹਰ 5000 ਵਿੱਚੋਂ ਇੱਕ ਔਰਤ ਨਾਲ ਹੁੰਦਾ ਹੈ, ਜਿਸ ਵਿੱਚ ਬੱਚੇਦਾਨੀ ਜਾਂ ਤਾਂ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ ਜਾਂ ਬਹੁਤ ਛੋਟੀ ਹੁੰਦੀ ਹੈ। 19 ਸਾਲ ਦੀ ਉਮਰ ਵਿੱਚ ਇਹ ਜਾਣਕਾਰੀ ਮਿਲਣ ਤੋਂ ਬਾਅਦ, ਗ੍ਰੇਸ ਨੂੰ ਲੱਗਾ ਕਿ ਉਹ ਕਦੇ ਵੀ ਮਾਂ ਨਹੀਂ ਬਣ ਸਕੇਗੀ। ਪਰ ਡਾਕਟਰੀ ਵਿਗਿਆਨ ਨੇ ਉਸ ਦਾ ਸੁਪਨਾ ਸਾਕਾਰ ਕਰ ਦਿੱਤਾ।
ਟ੍ਰਾਂਸਪਲਾਂਟ ਤੋਂ ਪਹਿਲਾਂ, ਗ੍ਰੇਸ ਅਤੇ ਉਸ ਦੇ ਪਤੀ ਐਂਗਸ (37) ਨੇ IVF ਰਾਹੀਂ ਸੱਤ ਭਰੂਣ ਬਣਾਏ ਅਤੇ ਫ੍ਰੀਜ਼ ਕੀਤੇ ਸਨ। ਸਰਜਰੀ ਤੋਂ ਕੁਝ ਮਹੀਨਿਆਂ ਬਾਅਦ ਇੱਕ ਭਰੂਣ ਟ੍ਰਾਂਸਫਰ ਕੀਤਾ ਗਿਆ ਅਤੇ ਇੱਕ ਸਾਲ ਬਾਅਦ, 27 ਫਰਵਰੀ, 2025 ਨੂੰ, ਐਮੀ ਦਾ ਜਨਮ ਲੰਡਨ ਦੇ ਕਵੀਨ ਸ਼ਾਰਲੋਟ ਅਤੇ ਚੇਲਸੀ ਹਸਪਤਾਲ ਵਿੱਚ ਯੋਜਨਾਬੱਧ ਸੀਜ਼ੇਰੀਅਨ ਰਾਹੀਂ ਹੋਇਆ। ਜਨਮ ਸਮੇਂ ਐਮੀ ਦਾ ਭਾਰ 4.5 ਪੌਂਡ (ਲਗਭਗ 2 ਕਿਲੋ) ਸੀ।
ਗ੍ਰੇਸ ਨੇ ਕਿਹਾ, “ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਸੱਚਮੁੱਚ ਸਾਡੀ ਧੀ ਸੀ। ਮੈਨੂੰ ਪਤਾ ਸੀ ਕਿ ਉਹ ਸਾਡੀ ਸੀ, ਪਰ ਇਸ ‘ਤੇ ਵਿਸ਼ਵਾਸ ਕਰਨਾ ਔਖਾ ਸੀ।” ਐਮੀ ਦਾ ਨਾਮ ਉਸ ਦੀ ਮਾਸੀ ਐਮੀ ਅਤੇ ਸਰਜਨ ਇਸੋਬੇਲ ਕੁਇਰੋਗਾ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ, ਜਿਨ੍ਹਾਂ ਨੇ ਟ੍ਰਾਂਸਪਲਾਂਟ ਟੀਮ ਦੀ ਅਗਵਾਈ ਕੀਤੀ ਸੀ।
ਇਸ ਚਮਤਕਾਰ ਦੇ ਪਿੱਛੇ ਪ੍ਰੋਫੈਸਰ ਰਿਚਰਡ ਸਮਿਥ ਹਨ, ਜਿਨ੍ਹਾਂ ਨੇ 25 ਸਾਲਾਂ ਤੱਕ ਬੱਚੇਦਾਨੀ ਟ੍ਰਾਂਸਪਲਾਂਟ ‘ਤੇ ਖੋਜ ਕੀਤੀ। ਉਨ੍ਹਾਂ ਕਿਹਾ, “ਹੁਣ ਤੱਕ ਅਸੀਂ ਇੱਕ ਜੀਵਤ ਦਾਨੀ ਟ੍ਰਾਂਸਪਲਾਂਟ ਕੀਤਾ ਹੈ, ਜਿਸ ਨੇ ਐਮੀ ਨੂੰ ਜਨਮ ਦਿੱਤਾ, ਅਤੇ ਤਿੰਨ ਮ੍ਰਿਤਕ ਦਾਨੀ ਟ੍ਰਾਂਸਪਲਾਂਟ ਕੀਤੇ ਹਨ। ਤਿੰਨੋਂ ਮਰੀਜ਼ ਠੀਕ ਹਨ, ਉਨ੍ਹਾਂ ਦੇ ਬੱਚੇਦਾਨੀ ਆਮ ਵਾਂਗ ਕੰਮ ਕਰ ਰਹੇ ਹਨ। ਸਾਨੂੰ ਉਮੀਦ ਹੈ ਕਿ ਭਵਿੱਖ ਵਿੱਚ ਉਹ ਵੀ ਮਾਵਾਂ ਬਣਨਗੀਆਂ। ਸਾਡਾ ਉਦੇਸ਼ ਸਿਰਫ਼ ਟ੍ਰਾਂਸਪਲਾਂਟ ਕਰਨਾ ਨਹੀਂ ਹੈ, ਸਗੋਂ ਬੱਚੇ ਪੈਦਾ ਕਰਨਾ ਹੈ, ਅਤੇ ਹੁਣ ਸਾਡੇ ਕੋਲ ਇਸ ਦਾ ਸਬੂਤ ਹੈ।”
ਐਮੀ ਦਾ ਜਨਮ ਉਨ੍ਹਾਂ ਹਜ਼ਾਰਾਂ ਔਰਤਾਂ ਲਈ ਉਮੀਦ ਦੀ ਕਿਰਨ ਹੈ ਜੋ ਬੱਚੇਦਾਨੀ ਦੀਆਂ ਸਮੱਸਿਆਵਾਂ ਕਾਰਨ ਮਾਂ ਨਹੀਂ ਬਣ ਸਕਦੀਆਂ।