ਹਿਮਾਚਲ ਦੇ ਮੰਡੀ ‘ਚ ਵੱਡਾ ਹਾਦਸਾ ਵਾਪਰ ਗਿਆ। 300 ਮੀਟਰ ਡੂੰਘੀ ਖੱਡ ਵਿਚ ਇਕ ਜੀਪ ਡਿੱਗ ਗਈ। ਹਾਦਸੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਤਿੰਨੇ ਨੌਜਵਾਨ ਮਨਾਲੀ ਵਿੱਚ ਖੋਆ ਪਨੀਰ ਸਪਲਾਈ ਕਰਕੇ ਪੰਜਾਬ ਪਰਤ ਰਹੇ ਸਨ।
ਥਾਣਾ ਸਦਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਮਾਂਡ ਥਾਣਾ ਇੰਚਾਰਜ ਆਲਮ ਰਾਮ ਦੀ ਅਗਵਾਈ ‘ਚ ਟੀਮ ਮੌਕੇ ‘ਤੇ ਰਵਾਨਾ ਕੀਤੀ ਗਈ। ਲਾਸ਼ਾਂ ਡੂੰਘੇ ਚਿੱਕੜ ਵਿੱਚ ਫਸੀਆਂ ਹੋਈਆਂ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ। ਇਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਮ੍ਰਿਤਕਾਂ ਦੀ ਪਛਾਣ ਡਰਾਈਵਰ ਬਸ਼ੀਰ ਅਲੀ (23) ਪੁੱਤਰ ਭੀਲੋ ਵਾਸੀ ਵੈਰਾਮਪੁਰ ਜ਼ਿਲਾ ਰੋਪੜ ਪੰਜਾਬ, ਸਲੀਮ ਪੁੱਤਰ ਅਲੀ ਹੁਸੈਨ ਵਾਸੀ ਪਿੰਜੌਰ, ਹਰਿਆਣਾ ਅਤੇ ਆਜ਼ਮ ਪੁੱਤਰ ਸ਼ਰਾਫਤ ਅੰਸਾਰੀ ਵਾਸੀ ਜੌੜੇਡਾ ਜ਼ਿਲਾ ਰੁੜਕੀ ਵਜੋਂ ਹੋਈ ਹੈ।
ਤਿੰਨੋਂ ਨੌਜਵਾਨ ਖੋਆ ਪਨੀਰ ਦਾ ਕਾਰੋਬਾਰ ਕਰਦੇ ਸਨ। ਤਿੰਨੇ ਨੌਜਵਾਨ ਮਨਾਲੀ ‘ਚ ਰਸਦ ਦੇਣ ਤੋਂ ਬਾਅਦ ਜੀਪ ‘ਚ ਸਵਾਰ ਹੋ ਕੇ ਵਾਪਸ ਆ ਰਹੇ ਸਨ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਬਜੌਰਾ ਵਿੱਚ ਸਪਲਾਈ ਦਿੱਤੀ। ਉਥੋਂ ਰੋਪੜ ਪਰਤ ਰਹੇ ਸਨ। ਸ਼ਾਮ 7 ਵਜੇ ਦੇ ਕਰੀਬ ਜੀਪ ਬੇਕਾਬੂ ਹੋ ਕੇ ਟਿਹਰੀ ਨੇੜੇ ਮਰੋਗੀ ਵਿੱਚ ਖੱਡ ਵਿੱਚ ਜਾ ਡਿੱਗੀ। ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।
ਡੀਐਸਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਦਾ ਜ਼ੋਨਲ ਹਸਪਤਾਲ ਮੰਡੀ ਵਿੱਚ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹੋ ਸਕਦਾ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਮਿਲੇ ਵਾਹਨ ਦੇ ਦਸਤਾਵੇਜ਼ਾਂ ਅਨੁਸਾਰ ਜੀਪ (ਪੀ.ਬੀ.12 ਕਿਊ-9033) ਰੋਪੜ ਨਿਵਾਸੀ ਜਸਵੀਰ ਸਿੰਘ ਦੇ ਨਾਮ ‘ਤੇ ਹੈ।