ਜਲੰਧਰ (ਵਿੱਕੀ ਸੂਰੀ) : ਨਗਰ ਨਿਗਮ ਜਲੰਧਰ ਦੀਆਂ ਚੋਣਾਂ ਲਈ 21 ਅਕਤੂਬਰ ਨੂੰ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਉਪਰੰਤ ਲੋਕ ਸੂਚੀ ਦੀ ਸਮੀਖਿਆ ਕਰ ਸਕਦੇ ਹਨ ਤੇ 31 ਅਕਤੂਬਰ ਤੱਕ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ (AROs) ਪਾਸ ਦਾਅਵੇ/ਇਤਰਾਜ਼ ਦਰਜ ਕਰਵਾ ਸਕਦੇ ਹਨ।

    ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ 31 ਅਕਤੂਬਰ ਤੱਕ ਆਪਣੇ ਇਤਰਾਜ਼ ਅਤੇ ਦਾਅਵੇ ਦਾਇਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਨਵੰਬਰ ਨੂੰ ਕੀਤਾ ਜਾਵੇਗਾ ਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 10 ਨਵੰਬਰ ਨੂੰ ਹੋਵੇਗੀ।

    ਡੀਸੀ ਸਾਰੰਗਲ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਲਈ ਤਾਇਨਾਤ ਕੀਤੇ ਗਏ ਈਆਰਓਜ਼ ਵਿੱਚ ਐਸਡੀਐਮ-1, ਐਸਡੀਐਮ-2, ਸਕੱਤਰ ਆਰਟੀਏ, ਵਧੀਕ ਮੁੱਖ ਪ੍ਰਸ਼ਾਸਕ ਪੁੱਡਾ, ਡਿਪਟੀ ਕਮਿਸ਼ਨਰ ਸਟੇਟ ਟੈਕਸ (ਐਕਸਾਈਜ਼) ਜਲੰਧਰ, ਜੀ.ਐਮ ਇੰਡਸਟਰੀ, ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਜਲੰਧਰ-1, ਜ਼ਿਲ੍ਹਾ ਮਾਲ ਅਫ਼ਸਰ, ਡਿਪਟੀ ਡਾਇਰੈਕਟਰ ਲੈਂਡ ਰਿਕਾਰਡਜ਼, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ਿਲ੍ਹਾ ਟਾਊਨ ਪਲਾਨਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਜਲੰਧਰ-1 ਅਤੇ 2 ਅਤੇ ਸਹਾਇਕ ਐਕਸਾਈਜ਼ ਕਮਿਸ਼ਨਰ ਸਟੇਟ ਟੈਕਸ ਆਡਿਟ-1 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦਾਅਵੇ/ਇਤਰਾਜ਼ ਦਰਜ ਕਰਵਾਉਣ ਲਈ ਲੋਕ ਇਨ੍ਹਾਂ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਪਹੁੰਚ ਕਰ ਸਕਦੇ ਹਨ।

    ਡਿਪਟੀ ਕਮਿਸ਼ਨਰ ਨੇ ਈਆਰਓਜ਼ ਨੂੰ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਯੋਗ ਵਿਅਕਤੀ ਖਾਸ ਕਰ ਨੌਜਵਾਨ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਚੋਣਾਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ।