ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਵੋਟਰਾਂ ਦੀ ਗਿਣਤੀ ਸਬੰਧੀ ਵੇਰਵੇ ਜਾਰੀ ਕੀਤੇ ਗਏ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 1 ਮਾਰਚ 2024 ਤਕ ਪੰਜਾਬ ਵਿਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿਚ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਵੋਟਰ ਜਦਕਿ 1 ਕਰੋੜ 77 ਹਜ਼ਾਰ 543 ਔਰਤ ਵੋਟਰ ਹਨ। ਕੁੱਲ 744 ਟਰਾਂਸਜੈਂਡਰ ਵੋਟਰ ਹਨ। 13 ਸੀਟਾਂ ਲਈ ਕੁੱਲ 24433 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।
ਇਸ ਵਾਰ ਪੰਜਾਬ ਵਿਚ 2 ਲੱਖ ਤੋਂ ਵੱਧ ਬਜ਼ੁਰਗ ਵੋਟਰ ਘਰ ਬੈਠੇ ਵੋਟ ਪਾ ਸਕਣਗੇ। ਇਨ੍ਹਾਂ ਵਿਚ 100 ਸਾਲ ਤੋਂ ਵੱਧ ਉਮਰ ਦੇ 5 ਹਜ਼ਾਰ 195 ਬਜ਼ੁਰਗ, 90 ਤੋਂ ਵੱਧ ਉਮਰ ਦੇ 61 ਹਜ਼ਾਰ 491 ਬਜ਼ੁਰਗ ਤੇ 85 ਤੋਂ ਵੱਧ ਉਮਰ ਦੇ 1 ਲੱਖ 90 ਹਜ਼ਾਰ 525 ਬਜ਼ੁਰਗ ਸ਼ਾਮਲ ਹਨ, ਜੋ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸੰਸਦ ਮੈਂਬਰ ਚੁਣਨ ਵਿਚ ਅਪਣਾ ਯੋਗਦਾਨ ਪਾਉਣਗੇ।
ਸੱਭ ਤੋਂ ਜ਼ਿਆਦਾ 100 ਸਾਲ ਤੋਂ ਵੱਧ ਉਮਰ ਦੇ ਵੋਟਰ ਖਡੂਰ ਸਾਹਿਬ ਵਿਚ ਹਨ। ਖਡੂਰ ਸਾਹਿਬ ਵਿਚ ਅਜਿਹੇ ਵੋਟਰਾਂ ਦੀ ਗਿਣਤੀ 731 ਹੈ, ਜਦਕਿ ਸੱਭ ਤੋਂ ਘੱਟ ਫ਼ਤਿਹਗੜ੍ਹ ਸਾਹਿਬ ਰਾਖਵੀਂ ਲੋਕ ਸਭਾ ਸੀਟ ਵਿਚ ਹਨ, ਇਥੇ ਅਜਿਹੇ ਵੋਟਰਾਂ ਦੀ ਗਿਣਤੀ 274 ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 18 ਸਾਲ ਤੋਂ ਵੱਧ ਉਮਰ ਦੇ 4 ਲੱਖ 89 ਹਜ਼ਾਰ 631 ਨੌਜਵਾਨ ਪਹਿਲੀ ਵਾਰ ਅਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚੋਂ ਗੁਰਦਾਸਪੁਰ ਵਿਚ ਸੱਭ ਤੋਂ ਵੱਧ 48 ਹਜ਼ਾਰ 919 ਨੌਜਵਾਨ ਹਨ ਜਦਕਿ ਲੁਧਿਆਣਾ ਵਿਚ ਸੱਭ ਤੋਂ ਘੱਟ 31 ਹਜ਼ਾਰ 068 ਨੌਜਵਾਨ ਹਨ। ਜੋ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਵੋਟ ਪਾਉਣਗੇ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਵਾਰ ਪੰਜਾਬ ਵਿਚ 1597 ਗੈਰ-ਰਿਹਾਇਸ਼ੀ ਭਾਰਤੀ (ਐਨ.ਆਰ.ਆਈ.) ਵੋਟਰਾਂ ਤੋਂ ਇਲਾਵਾ 1.57 ਲੱਖ ਸਰੀਰਕ ਤੌਰ ‘ਤੇ ਅਪੰਗ ਵੋਟਰ ਹਨ।
ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਵੋਟਰਾਂ ਦੀ ਉਮਰ ਦੇ ਵੇਰਵੇ
ਲੋਕ ਸਭਾ ਹਲਕਾ 18-19 85+ 90-100 100+
ਗੁਰਦਾਸਪੁਰ 48919 14232 4633 362
ਅੰਮ੍ਰਿਤਸਰ 37608 14663 5187 394
ਖਡੂਰ ਸਾਹਿਬ 35377 17765 6198 731
ਜਲੰਧਰ 39545 14335 4474 350
ਹੁਸ਼ਿਆਰਪੁਰ 42378 16195 5315 433
ਸ੍ਰੀ ਆਨੰਦਪੁਰ ਸਾਹਿਬ 43762 14940 4719 292
ਲੁਧਿਆਣਾ 31068 14584 4719 439
ਸ੍ਰੀ ਫ਼ਤਿਹਗੜ੍ਹ ਸਾਹਿਬ 32208 12771 4090 274
ਫਰੀਦਕੋਟ 34376 14449 4482 416
ਫਿਰੋਜ਼ਪੁਰ 38871 13376 4164 408
ਬਠਿੰਡਾ 35366 12565 3742 276
ਸੰਗਰੂਰ 32483 14102 4396 345
ਪਟਿਆਲਾ 37670 16548 5372 475
ਕੁੱਲ੍ਹ 489631 190525 61491 5195