ਜੰਮੂ-ਕਸ਼ਮੀਰ ’ਚ ਐਤਵਾਰ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਪਿਤਾ-ਪੁੱਤਰ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਜਾਨ ਗਵਾਉਣ ਵਾਲੇ ਪੰਜ ਲੋਕ ਦੋ ਪਰਵਾਰਾਂ ਦੇ ਹਨ। ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਸਵੇਰੇ ਰਾਜੌਰੀ ਜ਼ਿਲ੍ਹੇ ’ਚ ਇਕ ਕੈਬ ਦੇ ਖੱਡ ’ਚ ਡਿੱਗਣ ਨਾਲ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਗੱਡੀ ’ਚ ਸਵਾਰ 8 ਲੋਕ ਠੰਢੀਕਾਸੀ ਤੋਂ ਲਾਮ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਚਲਨ ਪਿੰਡ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ।

    ਅਧਿਕਾਰੀਆਂ ਨੇ ਦਸਿਆ ਕਿ ਡਰਾਈਵਰ ਅਰੁਣ ਕੁਮਾਰ (32) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮੁਹੰਮਦ ਦੀਨ (65) ਅਤੇ ਉਸ ਦੇ ਬੇਟੇ ਮੁਹੰਮਦ ਅਸਲਮ (40) ਨੇ ਕ੍ਰਮਵਾਰ ਨੌਸ਼ਹਿਰਾ ਦੇ ਉਪ-ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ (ਜੀ.ਐਮ.ਸੀ.ਐਚ.) ’ਚ ਦਮ ਤੋੜ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਅਸਲਮ ਦੀ ਪਤਨੀ ਸ਼ਾਹਿਦਾ (40), ਬੇਟੇ ਆਤਿਫ (10) ਅਤੇ ਰਜ਼ਾ (5), ਬੇਟੀ ਆਸੀਆ (7) ਅਤੇ ਭੈਣ ਜ਼ਰੀਨਾ (36) ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਜੀ.ਐਮ.ਸੀ.ਐਚ. ’ਚ ਇਲਾਜ ਚੱਲ ਰਿਹਾ ਹੈ।

    ਇਕ ਹੋਰ ਹਾਦਸੇ ’ਚ ਰਿਆਸੀ ਜ਼ਿਲ੍ਹੇ ਦੇ ਬਿੱਦਾ ਪਿੰਡ ’ਚ ਦੁਪਹਿਰ ਕਰੀਬ 3:30 ਵਜੇ ਇਕ ਮਹਿੰਦਰਾ ਬੋਲੇਰੋ ਕਾਰ 200 ਫੁੱਟ ਖੱਡ ’ਚ ਡਿੱਗ ਗਈ, ਜਿਸ ’ਚ ਗੁੱਡੀ ਦੇਵੀ ਅਤੇ ਉਸ ਦੀ ਧੀ ਸ਼ੋਭਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਵਾਹਨ ਚਲਾ ਰਹੇ ਦੇਵੀ ਦੇ ਬੇਟੇ ਮੁਕੇਸ਼ ਸਿੰਘ ਦੀ ਵੀ ਹਸਪਤਾਲ ’ਚ ਮੌਤ ਹੋ ਗਈ, ਜਦਕਿ ਉਸ ਦੀ ਨਾਬਾਲਗ ਧੀ ਦਾ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।