ਮੱਧ ਪ੍ਰਦੇਸ਼ ਦੇ ਰੀਵਾ ‘ਚ ਬੋਰਵੈੱਲ ‘ਚ ਡਿੱਗੇ ਮਾਸੂਮ ਮਯੰਕ ਨੂੰ 16 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਵੀ ਬਾਹਰ ਨਹੀਂ ਕੱਢਿਆ ਜਾ ਸਕਿਆ। NDRF ਅਤੇ ਸਥਾਨਕ ਪ੍ਰਸ਼ਾਸਨ ਦੀ ਪੂਰੀ ਟੀਮ ਲੱਗੀ ਹੋਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਹੈ।
ਨਾ ਤਾਂ ਬੱਚੇ ਤੱਕ ਕੈਮਰਾ ਪਹੁੰਚ ਪਾਇਆ ਹੈ ਅਤੇ ਨਾ ਹੀ ਆਕਸੀਜਨ ਪਾਈਪ। ਬੋਰਵੈੱਲ ਵਿੱਚ ਮਿਟੀ ਅਤੇ ਪਰਾਲੀ ਹੋਣ ਦੀ ਵਜ੍ਹਾ ਨਾਲ ਕੈਮਰਾ ‘ਚ ਤਸਵੀਰ ਨਹੀਂ ਆ ਰਹੀ। 4 ਪੋਕਲੇਨ ਅਤੇ 8 ਜੇਸੀਬੀ ਖੋਦਾਈ ਲਈ ਲਗਾਈਆਂ ਗਈਆਂ ਹਨ।
ਬੋਰਵੈੱਲ ‘ਚ ਫਸੇ ਮਯੰਕ ਤੱਕ ਪਹੁੰਚਣ ਲਈ ਬਰਾਬਰ 60 ਫੁੱਟ ਡੂੰਘਾ ਟੋਆ ਪੁੱਟਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ 6 ਸਾਲਾ ਮਯੰਕ ਖੇਤ ‘ਚ ਬੋਰਵੈੱਲ ‘ਚ ਡਿੱਗ ਗਿਆ ਸੀ। ਦਰਅਸਲ ਹੀਰਾਮਣੀ ਮਿਸ਼ਰਾ ਨਾਂ ਦੇ ਵਿਅਕਤੀ ਦੇ ਖੇਤ ‘ਚ ਹਾਰਵੈਸਟਰ ਨਾਲ ਕਣਕ ਦੀ ਕਟਾਈ ਕੀਤੀ ਜਾ ਰਹੀ ਸੀ।
ਹਾਰਵੈਸਟਰ ਦੇ ਪਿੱਛੇ 4 ਬੱਚੇ ਕਣਕ ਦੀ ਵਾਢੀ ਕਰ ਰਹੇ ਸਨ ਅਤੇ ਇਸ ਦੌਰਾਨ ਮਯੰਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਹੀਰਾਮਣੀ ਨੇ ਇਹ ਬੋਰਵੈੱਲ 3 ਸਾਲ ਪਹਿਲਾਂ ਪੁੱਟਵਾਇਆ ਸੀ ਅਤੇ ਪਾਣੀ ਦੀ ਕਮੀ ਕਾਰਨ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਸੀ। ਇਸ ਹਾਦਸੇ ਤੋਂ ਬਾਅਦ ਖੇਤ ਦਾ ਮਾਲਕ ਹੀਰਾਮਣੀ ਮਿਸ਼ਰਾ ਫਰਾਰ ਹੈ।
ਸ਼ੁੱਕਰਵਾਰ ਨੂੰ ਬੱਚੇ ਦੇ ਬੋਰਵੈੱਲ ‘ਚ ਡਿੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਅਤੇ ਐੱਸ.ਡੀ.ਐੱਮ. ਮੌਕੇ ‘ਤੇ ਪਹੁੰਚੇ। ਇਹ ਘਟਨਾ ਦੁਪਹਿਰ 3.30 ਵਜੇ ਵਾਪਰੀ। ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹੈ। 2 ਜੇਸੀਬੀ, ਕੈਮਰਾਮੈਨ ਦੀ ਟੀਮ ਅਤੇ ਐਸਡੀਆਰਐਫ ਦੀ ਟੀਮ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ। ਬਨਾਰਸ ਤੋਂ ਐਨਡੀਆਰਐਫ ਦੀ ਟੀਮ ਭੇਜੀ ਗਈ ਹੈ ਅਤੇ ਜਲਦੀ ਹੀ ਬਚਾਅ ਕਾਰਜਾਂ ‘ਚ ਤੇਜੀ ਲਿਆਂਦੀ ਜਾਵੇਗੀ।