ਛੱਤੀਸਗੜ੍ਹ ਦੇ ਬਲੌਦਾਬਾਜ਼ਾਰ-ਭਾਟਪਾੜਾ ਜ਼ਿਲ੍ਹੇ ’ਚ ਐਤਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਅੱਜ ਸ਼ਾਮ ਮੋਹਤਾਰਾ ਪਿੰਡ ’ਚ ਉਸ ਸਮੇਂ ਵਾਪਰੀ ਜਦੋਂ ਪੀੜਤ ਇਕ ਖੇਤ ’ਚ ਕੰਮ ਕਰ ਰਹੇ ਸਨ। ਮੁੱਢਲੀ ਜਾਣਕਾਰੀ ਮੁਤਾਬਕ ਇਹ ਲੋਕ ਭਾਰੀ ਮੀਂਹ ਦੇ ਵਿਚਕਾਰ ਅਪਣੇ ਖੇਤ ਦੇ ਨੇੜੇ ਇਕ ਛੱਪੜ ਦੇ ਕਿਨਾਰੇ ਖੜ੍ਹੇ ਸਨ ਜਦੋਂ ਅਸਮਾਨੀ ਬਿਜਲੀ ਡਿੱਗ ਗਈ।

ਮ੍ਰਿਤਕਾਂ ਦੀ ਪਛਾਣ ਮੁਕੇਸ਼ (20), ਟਾਂਕਰ ਸਾਹੂ (30), ਸੰਤੋਸ਼ ਸਾਹੂ (40), ਥਾਨੇਸ਼ਵਰ ਸਾਹੂ (18), ਪੋਖਰਾਜ ਵਿਸ਼ਵਕਰਮਾ (38), ਦੇਵ ਦਾਸ (22) ਅਤੇ ਵਿਜੇ ਸਾਹੂ (23) ਵਜੋਂ ਹੋਈ ਹੈ। ਅਧਿਕਾਰੀ ਨੇ ਦਸਿਆ ਕਿ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।