ਖਰੜ ’ਚ ਇੱਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਕਾਰੋਬਾਰ ‘ਚ ਮਦਦ ਕਰਨ ਦੇ ਨਾਂ ’ਤੇ 71.50 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਿਸ ਨੇ ਸ਼ਿਕਾਇਤ ‘ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਦੱਸਿਆ ਕਿ ਮੈਟਰੀਮੋਨੀਅਲ ਸਾਈਟ ‘ਤੇ ਉਸ ਦੀ ਪ੍ਰੋਫਾਈਲ ਬਣੀ ਹੋਈ ਹੈ ਜਿਸ ਰਾਹੀਂ ਪਿਛਲੇ ਸਾਲ ਨਵੰਬਰ ਤੋਂ ਉਸ ਨੇ ਅਮਿਤ ਐੱਸ ਕੁਮਾਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਕੁਝ ਸਮੇਂ ਬਾਅਦ ਵਿਅਕਤੀ ਅੰਤਰਰਾਸ਼ਟਰੀ ਨੰਬਰ ਤੋਂ ਫੋਨ ਕਰਨ ਲੱਗਾ। 6 ਮਹੀਨਿਆਂ ‘ਚ ਉਹ ਇਕ-ਦੂਜੇ ਦੇ ਬਹੁਤ ਨੇੜੇ ਆ ਗਏ। ਜਦੋਂ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਤਾਂ ਉਹ ਮੰਨ ਗਏ। ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਤੁਰਕੀ ‘ਚ ਕਾਰੋਬਾਰ ਹੈ। ਇਸ ਲਈ ਸਾਮਾਨ ਦੀ ਲੋੜ ਹੈ।  ਉਸ ਦੀ ਈਮੇਲ ਆਈ.ਡੀ. ਅਚਾਨਕ ਬੰਦ ਹੋ ਗਈ ਹੈ ਜਿਸ ਕਾਰਨ ਉਹ ਬੈਂਕ ਖਾਤਾ ਨਹੀਂ ਚਲਾ ਪਾ ਰਿਹਾ।

    ਸ਼ਿਕਾਇਤਕਰਤਾ ਨੂੰ ਆਪਣੀ ਈਮੇਲ ਆਈ.ਡੀ. ਤੋਂ ਇਲਾਵਾ ਬੈਂਕ ਖਾਤੇ ਨਾਲ ਨੇ ਸਬੰਧਤ ਪਾਸਵਰਡ ਵੀ ਦੇ ਦਿੱਤਾ। ਔਰਤ ਰਾਹੀਂ ਆਪਣੇ ਖਾਤੇ ਆਪਰੇਟ ਕਰਵਾਉਣੇ ਸ਼ੂਰੂ ਕਰ ਦਿੱਤੇ। ਉਸ ਨੇ ਕਈ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕੀਤਾ, ਦੋ ਵਾਰ ਪੈਸੇ ਟਰਾਂਸਫ਼ਰ ਕਰਨ ਤੋਂ ਬਾਅਦ ਤੀਜੀ ਵਾਰ ਖਾਤਾ ਬਲਾਕ ਹੋ ਗਿਆ। ਇਸ ਤੋਂ ਬਾਅਦ ਅਮਿਤ ਨੇ ਪੀੜਤਾ ਨੂੰ ਬੈਂਕ ‘ਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਜਦੋਂ ਸ਼ਿਕਾਇਤਕਰਤਾ ਨੇ ਈਮੇਲ – ਕੀਤੀ ਤਾਂ ਬੈਂਕ ਨੇ ਕਿਹਾ ਕਿ ਖਾਤਾਧਾਰਕ ਨੂੰ ਖ਼ੁਦ ਬੈਂਕ ‘ਚ ਆਉਣਾ ਪਵੇਗਾ ਤਾਂ ਹੀ ਖਾਤਾ ਚੱਲੇਗਾ। ਉਸ ਨੇ ਕਾਰੋਬਾਰ ਜਾਰੀ ਰੱਖਣ ਦਾ ਹਵਾਲਾ ਦੇ ਕੇ ਸ਼ਿਕਾਇਤਕਰਤਾ ਤੋਂ ਪੈਸਿਆਂ ਦੀ ਮੰਗ ਕੀਤੀ। ਸਭ ਤੋਂ ਪਹਿਲਾਂ 18.55 ਲੱਖ, ਕਿਸੇ ਮਾਧਵੀ ਦੇ ਖਾਤੇ ‘ਚ ਕਰੀਬ 36 ਲੱਖ, ਮੁਹੰਮਦ ਆਸਿਫ਼ ਦੇ ਖਾਤੇ ‘ਚ 2 ਲੱਖ, ਵਿਨੀਤ ਕੁਮਾਰ ਗੁਪਤਾ ਦੇ ਖਾਤੇ ‘ਚ 3.30 ਲੱਖ ਤੇ ਹੋਰਾਂ ਦੇ ਖਾਤਿਆਂ ‘ਚ 11.45 ਟਰਾਂਸਫਰ ਕਰਵਾਏ ਗਏ। ਇਸ ‘ਤਰ੍ਹਾਂ ਮੁਲਜ਼ਮ ਨੇ ਕਰੀਬ 71.50 ਲੱਖ ਰੁਪਏ ਹੜੱਪ ਲਏ।
    ਠੱਗੀ ਕਰਨ ਤੋਂ ਬਾਅਦ ਮੁਲਜ਼ਮ ਨੇ ਫੋਨ ਬੰਦ ਕਰ ਦਿੱਤਾ ਤੇ ਔਰਤ ਨਾਲ ਸਬੰਧ ਖ਼ਤਮ ਕਰ ਲਏ। ਇਸ ਤਰ੍ਹਾਂ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਸਟੇਟ ਸਾਈਬਰ ਸੈੱਲ ਦੀ ਸਿਫ਼ਾਰਸ਼ ‘ਤੇ ਧਾਰਾ 420, 120ਬੀ ਅਤੇ ਆਈ.ਟੀ.ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕੀਤਾ ਗਿਆ।