ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 19 ਅਪ੍ਰੈਲ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 102 ਸੀਟਾਂ ‘ਤੇ ਵੋਟਿੰਗ ਹੋਵੇਗੀ। ਪਹਿਲੇ ਪੜਾਅ ਵਿਚ ਅੱਠ ਕੇਂਦਰੀ ਮੰਤਰੀ, ਦੋ ਸਾਬਕਾ ਮੁੱਖ ਮੰਤਰੀ ਅਤੇ ਇਕ ਸਾਬਕਾ ਰਾਜਪਾਲ ਅਪਣੀ ਕਿਸਮਤ ਅਜ਼ਮਾ ਰਹੇ ਹਨ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਹਲਕੇ ਤੋਂ ਜਿੱਤ ਦੀ ਹੈਟ੍ਰਿਕ ਬਣਾਉਣ ਦੀ ਉਮੀਦ ਵਿਚ ਹਨ। ਗਡਕਰੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਸੱਤ ਵਾਰ ਦੇ ਸੰਸਦ ਮੈਂਬਰ ਵਿਲਾਸ ਮੁਤੇਮਵਾਰ ਨੂੰ 2.84 ਲੱਖ ਵੋਟਾਂ ਨਾਲ ਅਤੇ 2019 ਦੀਆਂ ਚੋਣਾਂ ਵਿਚ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਮੌਜੂਦਾ ਪ੍ਰਧਾਨ ਨਾਨਾ ਪਟੋਲੇ ਨੂੰ 2.16 ਲੱਖ ਵੋਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਨਾਗਪੁਰ ਸੀਟ ਜਿੱਤੀ ਸੀ।

    ਕੇਂਦਰੀ ਮੰਤਰੀ ਕਿਰਨ ਰਿਜਿਜੂ ਅਰੁਣਾਚਲ ਪੱਛਮੀ ਸੀਟ ਤੋਂ ਚੋਣ ਲੜ ਰਹੇ ਹਨ। 52 ਸਾਲਾ ਭਾਜਪਾ ਆਗੂ 2004 ਤੋਂ ਲੈ ਕੇ ਹੁਣ ਤਕ ਤਿੰਨ ਵਾਰ ਇਸ ਸੀਟ ਦੀ ਨੁਮਾਇੰਦਗੀ ਕਰ ਚੁੱਕੇ ਹਨ। ਅਰੁਣਾਚਲ ਪੱਛਮੀ ਲੋਕ ਸਭਾ ਸੀਟ ‘ਤੇ ਰਿਜਿਜੂ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਬਾਮ ਤੁਕੀ ਨਾਲ ਹੈ। ਕੇਂਦਰੀ ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਅਸਾਮ ਦੀ ਡਿਬਰੂਗੜ੍ਹ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਦੀ ਟਿਕਟ ਕੱਟਣ ਤੋਂ ਬਾਅਦ ਰਾਜ ਸਭਾ ਮੈਂਬਰ ਸੋਨੋਵਾਲ ਨੂੰ ਡਿਬਰੂਗੜ੍ਹ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ।

    ਮੁਜ਼ੱਫਰਨਗਰ ਲੋਕ ਸਭਾ ਸੀਟ ਉਤੇ ਤਿਕੌਣੇ ਮੁਕਾਬਲੇ ਦੀ ਉਮੀਦ ਹੈ, ਜਿਥੇ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਹਰਿੰਦਰ ਮਲਿਕ ਅਤੇ ਬਹੁਜਨ ਸਮਾਜ ਪਾਰਟੀ ਦੇ ਦਾਰਾ ਸਿੰਘ ਪ੍ਰਜਾਪਤੀ ਨਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ‘ਚ ਸ਼ਾਮਲ ਅਤੇ ਦੋ ਵਾਰ ਦੇ ਸੰਸਦ ਮੈਂਬਰ ਜਤਿੰਦਰ ਸਿੰਘ ਲਗਾਤਾਰ ਤੀਜੀ ਵਾਰ ਊਧਮਪੁਰ ਲੋਕ ਸਭਾ ਸੀਟ ਤੋਂ ਦੁਬਾਰਾ ਚੋਣ ਲੜ ਰਹੇ ਹਨ। ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਭੁਪਿੰਦਰ ਯਾਦਵ ਨੂੰ ਰਾਜਸਥਾਨ ਦੀ ਅਲਵਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਯਾਦਵ ਦਾ ਮੁਕਾਬਲਾ ਕਾਂਗਰਸ ਦੇ ਮੌਜੂਦਾ ਵਿਧਾਇਕ ਲਲਿਤ ਯਾਦਵ ਨਾਲ ਹੈ। ਮੌਜੂਦਾ ਸੰਸਦ ਮੈਂਬਰ ਬਾਲਕ ਨਾਥ ਦੀ ਅਲਵਰ ਸੀਟ ਤੋਂ ਟਿਕਟ ਕੱਟੀ ਗਈ ਹੈ।

    ਬੀਕਾਨੇਰ ਲੋਕ ਸਭਾ ਸੀਟ ਤੋਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਮੰਤਰੀ ਗੋਵਿੰਦ ਰਾਮ ਮੇਘਵਾਲ ਨਾਲ ਹੈ।ਤਾਮਿਲਨਾਡੂ ਦੀ ਨੀਲਗਿਰੀ ਲੋਕ ਸਭਾ ਸੀਟ ‘ਤੇ ਡੀਐਮਕੇ ਦੇ ਸੰਸਦ ਮੈਂਬਰ ਅਤੇ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ ਦਾ ਮੁਕਾਬਲਾ ਭਾਜਪਾ ਦੇ ਐਲ ਮੁਰੂਗਨ ਨਾਲ ਹੈ। ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਚੁਣੇ ਗਏ ਮੁਰੂਗਨ ਪਹਿਲੀ ਵਾਰ ਨੀਲਗਿਰੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ।

    ਸ਼ਿਵਗੰਗਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕਾਰਤੀ ਚਿਦੰਬਰਮ ਕਾਂਗਰਸ ਦੀ ਟਿਕਟ ‘ਤੇ ਦੁਬਾਰਾ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਟੀ ਦੇਵਨਾਥਨ ਯਾਦਵ ਅਤੇ ਏਆਈਏਡੀਐਮਕੇ ਦੇ ਜੇਵੀਅਰ ਦਾਸ ਨਾਲ ਹੈ। ਕਾਰਤੀ ਦੇ ਪਿਤਾ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਸ਼ਿਵਗੰਗਾ ਲੋਕ ਸਭਾ ਸੀਟ ਤੋਂ ਸੱਤ ਵਾਰ ਸੰਸਦ ਮੈਂਬਰ ਰਹੇ ਹਨ। ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ ਅੰਨਾਮਲਾਈ ਕੋਇੰਬਟੂਰ ਲੋਕ ਸਭਾ ਸੀਟ ਤੋਂ ਅਪਣੀ ਕਿਸਮਤ ਅਜ਼ਮਾ ਰਹੇ ਹਨ, ਜਿਥੇ ਉਨ੍ਹਾਂ ਦਾ ਮੁਕਾਬਲਾ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀਐਮਕੇ) ਦੇ ਨੇਤਾ ਗਣਪਤੀ ਪੀ ਰਾਜਕੁਮਾਰ ਅਤੇ ਆਲ ਇੰਡੀਆ ਦ੍ਰਾਵਿੜ ਮੁਨੇਤਰਾ ਕਜ਼ਗਮ (ਏਆਈਏਡੀਐਮਕੇ) ਸਿੰਗਾਈ ਰਾਮਚੰਦਰਨ ਨਾਲ ਹੈ।

    ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੀ ਤਾਮਿਲਸਾਈ ਸੌਂਦਰਰਾਜਨ ਸਰਗਰਮ ਰਾਜਨੀਤੀ ਵਿਚ ਵਾਪਸੀ ਕਰ ਰਹੀ ਹੈ ਅਤੇ ਚੇਨਈ ਦੱਖਣੀ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ। ਕਾਂਗਰਸ ਦੀ ਸੀਨੀਅਰ ਨੇਤਾ ਕੁਮਾਰੀ ਅਨੰਤ ਦੀ ਬੇਟੀ ਤਾਮਿਲਸਾਈ ਸੌਂਦਰਰਾਜਨ ਨੇ 2019 ਦੀਆਂ ਲੋਕ ਸਭਾ ਚੋਣਾਂ ਥੂਥੁਕੁਡੀ ਲੋਕ ਸਭਾ ਸੀਟ ਤੋਂ ਡੀਐਮਕੇ ਨੇਤਾ ਕਨੀਮੋਝੀ ਦੇ ਖਿਲਾਫ ਲੜੀ ਸੀ ਪਰ ਉਹ ਜਿੱਤ ਨਹੀਂ ਸਕੇ।

    ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਬੇਟੇ ਨਕੁਲ ਨਾਥ ਛਿੰਦਵਾੜਾ ਲੋਕ ਸਭਾ ਹਲਕੇ ਤੋਂ ਇਕ ਵਾਰ ਫਿਰ ਅਪਣੀ ਕਿਸਮਤ ਅਜ਼ਮਾ ਰਹੇ ਹਨ। ਛਿੰਦਵਾੜਾ ਲੋਕ ਸਭਾ ਸੀਟ ਨੂੰ ਕਮਲਨਾਥ ਦਾ ਗੜ੍ਹ ਮੰਨਿਆ ਜਾਂਦਾ ਹੈ, ਜੋ 1980 ਤੋਂ ਲੈ ਕੇ ਹੁਣ ਤਕ 9 ਵਾਰ ਇਹ ਸੀਟ ਜਿੱਤ ਚੁੱਕੇ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਸੂਬੇ ਦੀਆਂ 29 ਵਿਚੋਂ 28 ਸੀਟਾਂ ਜਿੱਤੀਆਂ ਸਨ ਪਰ ਛਿੰਦਵਾੜਾ ਤੋਂ ਖੁੰਝ ਗਈ ਸੀ।

    ਨਕੁਲ ਨਾਥ ਨੇ ਛਿੰਦਵਾੜਾ ਤੋਂ ਭਾਜਪਾ ਉਮੀਦਵਾਰ ਨੂੰ 37,536 ਵੋਟਾਂ ਨਾਲ ਹਰਾਇਆ ਸੀ ਅਤੇ ਉਹ ਸੂਬੇ ਵਿਚ ਇਕਲੌਤੇ ਕਾਂਗਰਸੀ ਸੰਸਦ ਮੈਂਬਰ ਵਜੋਂ ਉਭਰੇ ਸਨ। ਤ੍ਰਿਪੁਰਾ ਦੀਆਂ ਦੋ ਲੋਕ ਸਭਾ ਸੀਟਾਂ ਵਿਚੋਂ ਇਕ ਪੱਛਮੀ ਤ੍ਰਿਪੁਰਾ ਵਿਚ ਪਹਿਲੇ ਪੜਾਅ ਵਿਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਪੱਛਮੀ ਤ੍ਰਿਪੁਰਾ ਲੋਕ ਸਭਾ ਸੀਟ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਆਸ਼ੀਸ਼ ਕੁਮਾਰ ਸਾਹਾ ਵਿਚਕਾਰ ਮੁਕਾਬਲਾ ਹੈ। ਮਣੀਪੁਰ ਦੇ ਕਾਨੂੰਨ ਅਤੇ ਸਿੱਖਿਆ ਮੰਤਰੀ ਅਤੇ ਭਾਜਪਾ ਉਮੀਦਵਾਰ ਬਸੰਤ ਕੁਮਾਰ ਸਿੰਘ ਦਾ ਮੁਕਾਬਲਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਪ੍ਰੋਫੈਸਰ ਅਤੇ ਕਾਂਗਰਸ ਉਮੀਦਵਾਰ ਬਿਮਲ ਅਕੋਇਜਮ ਨਾਲ ਹੈ।

    ਦੋ ਵਾਰ ਦੇ ਪੈਰਾਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਅਤੇ ਭਾਜਪਾ ਉਮੀਦਵਾਰ ਦੇਵੇਂਦਰ ਝਾਝਰੀਆ ਉੱਤਰੀ ਰਾਜਸਥਾਨ ਦੀ ਚੁਰੂ ਲੋਕ ਸਭਾ ਸੀਟ ਤੋਂ ਅਪਣੀ ਕਿਸਮਤ ਅਜ਼ਮਾ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਰਾਹੁਲ ਕਾਸਵਾਨ ਨਾਲ ਹੈ। ਕਾਸਵਾਨ ਨੇ ਟਿਕਟ ਮਿਲਣ ਤੋਂ ਬਾਅਦ ਮਾਰਚ ਵਿਚ ਭਾਜਪਾ ਛੱਡ ਦਿਤੀ ਸੀ ਅਤੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। 18ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ ਸੱਤ ਪੜਾਵਾਂ ‘ਚ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

    ਕਿਹੜੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸਾਂ ਵਿਚ ਪਹਿਲੇ ਪੜਾਅ ਤਹਿਤ ਹੋਵੇਗੀ ਵੋਟਿੰਗ

    ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਜੰਮੂ ਅਤੇ ਕਸ਼ਮੀਰ ਸਮੇਤ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ , ਲਕਸ਼ਦੀਪ ਅਤੇ ਪੁਡੂਚੇਰੀ ‘ਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ।

    1) ਅਰੁਣਾਚਲ ਪ੍ਰਦੇਸ਼: 2 ਵਿਚੋਂ 2 ਲੋਕ ਸਭਾ ਹਲਕੇ
    2) ਅਸਾਮ: 14 ਲੋਕ ਸਭਾ ਹਲਕਿਆਂ ਵਿਚੋਂ 5
    3) ਬਿਹਾਰ: 40 ਵਿਚੋਂ 4 ਸੀਟਾਂ
    4) ਛੱਤੀਸਗੜ੍ਹ: 11 ਵਿਚੋਂ 1 ਹਲਕਾ
    5) ਮੱਧ ਪ੍ਰਦੇਸ਼: 29 ਵਿਚੋਂ 6 ਸੀਟਾਂ
    6) ਮਹਾਰਾਸ਼ਟਰ: 48 ਵਿਚੋਂ 5 ਸੀਟਾਂ
    7) ਮਨੀਪੁਰ: 2 ਵਿਚੋਂ 2 ਹਲਕੇ
    8) ਮੇਘਾਲਿਆ: 2 ਵਿਚੋਂ 2 ਹਲਕੇ
    9) ਮਿਜ਼ੋਰਮ: 1 ਹਲਕੇ ਵਿਚੋਂ 1
    10) ਨਾਗਾਲੈਂਡ: 1 ਹਲਕੇ ਵਿਚੋਂ 1
    11) ਰਾਜਸਥਾਨ: 25 ਵਿਚੋਂ 12 ਸੀਟਾਂ
    12) ਸਿੱਕਮ: 1 ਵਿਚੋਂ 1 ਸੀਟ
    13) ਤਾਮਿਲਨਾਡੂ: 39 ਲੋਕ ਸਭਾ ਹਲਕਿਆਂ ਵਿਚੋਂ 39
    14) ਤ੍ਰਿਪੁਰਾ: ਦੋ ਸੀਟਾਂ ਵਿਚੋਂ ਇਕ
    15) ਉੱਤਰ ਪ੍ਰਦੇਸ਼: 80 ਵਿਚੋਂ ਅੱਠ ਸੀਟਾਂ
    16) ਉੱਤਰਾਖੰਡ: ਪੰਜ ਵਿਚੋਂ ਪੰਜ ਹਲਕੇ
    17) ਪੱਛਮੀ ਬੰਗਾਲ: 42 ਵਿਚੋਂ ਤਿੰਨ ਸੀਟਾਂ
    18) ਅੰਡੇਮਾਨ ਅਤੇ ਨਿਕੋਬਾਰ ਟਾਪੂ: ਇਕ ਸੀਟ ਵਿਚੋਂ ਇਕ
    19) ਜੰਮੂ ਅਤੇ ਕਸ਼ਮੀਰ: ਪੰਜ ਵਿਚੋਂ ਇਕ ਸੀਟ
    20) ਲਕਸ਼ਦੀਪ: ਇਕ ਸੀਟ ਵਿਚੋਂ ਇਕ
    21) ਪੁਡੂਚੇਰੀ: ਇਕ ਹਲਕੇ ਵਿਚੋਂ ਇਕ
    ਪੱਛਮੀ ਬੰਗਾਲ, ਯੂਪੀ ਅਤੇ ਬਿਹਾਰ ਵਿਚ ਚੋਣਾਂ ਦੇ ਸਾਰੇ ਸੱਤ ਪੜਾਵਾਂ ਵਿਚ ਵੋਟਾਂ ਪੈਣੀਆਂ ਹਨ।