ਮਾਮਲਾ ਪੱਤਰਕਾਰਾਂ ਨੂੰ ਭੱਦੀ ਸ਼ਬਦਾਵਲੀ ਬੋਲਣ ਅਤੇ ਜ਼ਬਰੀ ਵੀਡਿਉ ਡਿਲੀਟ ਕਰਨ ਦਾ

    ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) : ਆਪ ਵਲੰਟੀਅਰਾਂ , ਅਹੁਦੇਦਾਰਾਂ ਦੀ ਆਪ ਵਿਧਾਇਕ ਨਾਲ ਹੋ ਰਹੀ ਤੂੰ ਤੂੰ ਮੈਂ ਮੈਂ ਦੀ ਪੱਤਰਕਾਰਾਂ ਵੱਲੋਂ ਖ਼ਬਰ ਲਈ ਬਣਾਈ ਜਾ ਰਹੀ ਵੀਡਿਉ ਜ਼ਬਰੀ ਡਿਲੀਟ ਕਰਨ ਅਤੇ ਪੱਤਰਕਾਰਾਂ ਨੂੰ ਭੱਦੀ ਸ਼ਬਦਾਵਲੀ ਬੋਲਣ ਵਿਰੁੱਧ ਪੱਤਰਕਾਰਾਂ ਕੱਲ੍ਹ 21 ਸਤੰਬਰ ਤੋਂ ਨਿਆ ਨਾ ਮਿਲਣ ਤਕ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ।

    ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਇਲੈਕਸ਼ਨ ਵਾਸਤੇ ਅਬਜ਼ਰਵਰ ਨਿਯੁਕਤ ਕੀਤੇ ਹਰਜਿੰਦਰ ਸਿੰਘ ਘਾਂਗਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚਾਹਵਾਨ ਉਮੀਦਵਾਰ ਨਾਲ ਬਲਾਕ ਪੱਧਰ ਉਤੇ ਮੀਟਿੰਗਾਂ ਕਰਕੇ ਪਾਰਟੀ ਹਾਈ ਕਮਾਨ ਨੂੰ ਰਿਪੋਰਟ ਦਿੱਤੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਇਲੈਕਸ਼ਨ ਅਬਜ਼ਰਵਰ ਵਲੋਂ ਸ਼ਹਿਰੀ ਬਲਾਕ ਦੀ ਮੀਟਿੰਗ ਲੈਣ ਲਈ ਟਕਸਾਲੀ ਆਗੂ, ਅਹੁਦੇਦਾਰਾਂ ਤੇ ਵਲਟੀਅਰਾਂ ਨੂੰ ਸੱਦਾ ਭੇਜਿਆ ਗਿਆ ਤੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਮੀਟਿੰਗ ਕਰਨ ਦਾ ਟਾਈਮ ਮੁਕੱਰਰ ਕੀਤਾ ਗਿਆ ਸੀ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਤੇ ਅਹੁਦੇਦਾਰਾਂ ਨੇ ਸ਼ਹਿਰੀ ਵਿਧਾਇਕ ਦੇ ਖਿਲਾਫ਼ ਰੱਜ ਕੇ ਭੜਾਸ ਕੱਢੀ। ਅਚਾਨਕ ਸ਼ਹਿਰੀ ਵਿਧਾਇਕ ਮੀਟਿੰਗ ਵਾਲੇ ਸਥਾਨ ਉਤੇ ਪਹੁੰਚ ਗਏ, ਵਿਧਾਇਕ ਨੂੰ ਦੇਖਦਿਆਂ ਉਕਤ ਟਕਸਾਲੀ ਆਗੂਆਂ ਤੇ ਅਹੁਦੇਦਾਰਾਂ ਦੀ ਵਿਧਾਇਕ ਦੇ ਸਾਹਮਣੇ ਨਸ਼ਾ, ਚੋਰੀਆਂ, ਡਕੈਤੀਆਂ,ਲੁੱਟਾ ਖੋਹਾਂ ਤੇ ਸਰਕਾਰੀ ਦਫਤਰਾਂ ਅੰਦਰ ਬਿਨਾਂ ਰਿਸ਼ਵਤ ਤੋਂ ਆਗੂਆਂ ਦੀ ਕੋਈ ਪੁੱਛ ਪਰਤੀਤ ਨਾ ਹੋਣ ਦੀਆਂ ਸ਼ਿਕਾਇਤਾਂ ਕਰਨ ਕਰਕੇ ਆਪਸ ਵਿੱਚ ਬੋਲ ਬੁਲਾਰਾ ਹੋ ਗਿਆ। ਗੱਲ ਤੂੰ ਤੂੰ ਮੈਂ ਮੈਂ ਤੱਕ ਪੁੱਜ ਗਈ। ਮੌਕੇ ਉਤੇ ਟੀ,ਵੀ ਚੈਨਲਾਂ ਤੇ ਅਖਬਾਰਾਂ ਦੇ ਪੱਤਰਕਾਰਾਂ ਦੀ ਹਾਜ਼ਰ ਵੇਖ ਵਿਧਾਇਕ ਰਣਬੀਰ ਭੁੱਲਰ ਅੱਗ ਬਬੂਲਾ ਹੋ ਗਿਆ ਤੇ ਆਪੇ ਤੋਂ ਬਾਹਰ ਹੁੰਦਿਆ। ਆਪਣੇ ਗੰਨਮੈਨ ਤੇ ਸਿਪਾਹ ਸਲਾਰਾਂ ਦੀ ਮਦਦ ਨਾਲ ਪੱਤਰਕਾਰ ਦੇ ਫੋਨ ਖੋਹ ਕੇ ਵੀਡੀਉ ਡਿਲੀਟ ਕਰ ਦਿੱਤੀ ਗਈ।

    ਜਿਸ ਦੀ ਸਤਲੁਜ ਪ੍ਰੈਸ ਕਲੱਬ ਨੇ ਨਿੰਦਾ ਕੀਤੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਤਿੰਨ ਦਿਨ ਦਾ ਅਲਟੀਮੇਟਮ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ ਸੀ ਪਰ ਇਕ ਹਫ਼ਤਾ ਗੁਜ਼ਰ ਜਾਣ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋਈ।

    ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜਪੁਰ ਨੇ ਹੰਗਾਮੀ ਮੀਟਿੰਗ ਸੱਦ ਕੇ ਸ਼ਹਿਰੀ ਵਿਧਾਇਕ ਖ਼ਿਲਾਫ ਧਰਨਾ ਲਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਅੱਜ ਐਸ.ਐਸ.ਪੀ. ਫ਼ਿਰੋਜ਼ਪੁਰ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦੇਕੇ ਆਉਣ ਵਾਲੀ 21 ਸਤੰਬਰ ਦਿਨ ਵੀਰਵਾਰ ਨੂੰ ਸਤਲੁਜ ਪ੍ਰੈੱਸ ਕਲੱਬ, ਜ਼ਿਲ੍ਹੇ ਦੀਆਂ ਵੱਖ-ਵੱਖ ਪ੍ਰੈੱਸ ਕਲੱਬਾਂ, ਕਿਸਾਨ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰੀ ਵਿਧਾਇਕ ਰਣਬੀਰ ਭੁੱਲਰ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ।
    ਇਕਜੁਟ ਹੁੰਦਿਆਂ ਪੱਤਰਕਾਰ ਸਾਥੀਆਂ ਨੇ ਕਿਹਾ ਕਿ ਪੱਤਰਕਾਰਤਾ ਖ਼ਿਲਾਫ਼ ਕੋਈ ਵੀ ਵਧੀਕੀ ਸਹਿਣ ਨਹੀ ਕੀਤੀ ਜਾਵੇਗੀ ਅਤੇ ਇਨਸਾਫ਼ ਲੈਣ ਤੱਕ ਓਹ ਆਰਾਮ ਨਾਲ ਨਹੀਂ ਬੈਠਣਗੇ।