ਪਟਿਆਲਾ : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ਵਿਚ ਗਿ੍ਰਫ਼ਤਾਰ ਅਮਰੀਕ ਸਿੰਘ ਦੇਧਨਾ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਇਕ ਵਿਦੇਸ਼ੀ ਸਮੇਤ ਕੁਲ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਦਾ ਤੀਸਰਾ ਸਾਥੀ ਵੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ। ਉਥੇ ਪਟਿਆਲਾ ਪੁਲਿਸ ਪਾਕਿਸਤਾਨ ਤੋਂ ਮੰਗਵਾਈ ਗਈ ਦੋ ਏਕੇ-47 ਤੇ 250 ਕਾਰਤੂਸਾਂ ਨੂੰ ਲੈ ਕੇ ਕੋਈ ਬਰਾਮਦਗੀ ਨਹੀਂ ਕਰ ਸਕੀ ਹੈ।

    ਐੱਸਐੱਸਪੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਏਕੇ-47 ਦੀ ਬਰਾਮਦਗੀ ਨੂੰ ਲੈ ਕੇ ਹਾਲੇ ਜਾਂਚ ਜਾਰੀ ਹੈ। ਫਿਲਹਾਲ ਇਸ ਕੜੀ ਨਾਲ ਜੁੜੇ ਪਿੰਡ ਸਹੁਰੋਂ, ਖੇੇੜੀ ਗੰਡੀਆਂ, ਪਟਿਆਲਾ ਦੇ ਰਹਿਣ ਵਾਲੇ 48 ਸਾਲਾ ਨੰਦ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਨੰਦ ਸਿੰਘ ਬਾਰ੍ਹ੍ਰਵੀਂ ਪਾਸ ਹੈ। ਉਸ ਖ਼ਿਲਾਫ਼ ਪਹਿਲਾਂ ਦੋ ਕੇਸ ਦਰਜ ਸਨ ਅਤੇ ਹੁਣ ਤੀਸਰਾ ਮਾਮਲਾ ਦਰਜ ਹੋਇਆ ਹੈ। ਬੱਬਰ ਖਾਲਸਾ ਨਾਲ ਜੁੜਿਆ ਨੰਦ ਸਿੰਘ ਮੁਲਜ਼ਮ ਅਮਰੀਕ ਸਿੰਘ ਦਾ ਪੁਰਾਣਾ ਸਾਥੀ ਹੈ। ਇਸ ਨੂੰ ਸੰਗਰੂਰ-ਪਟਿਆਲਾ ਰੋਡ ਸਥਿਤ ਪਿੰਡ ਬਰਸਟ ਬੱਸ ਅੱਡੇ ਤੋਂ ਇਕ ਪਿਸਤੌਲ ਤੇ ਪੰਜ ਕਾਰਤੂਸਾਂ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ।

    ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਅਮਰੀਕ ਸਿੰਘ ਦੀ ਨਿਸ਼ਾਨਦੇਹੀ ’ਤੇ ਤੁਰਕੀ ਦੇ ਬਣੇ ਇਕ ਵਿਦੇਸ਼ੀ ਪਿਸਤੌਲ ਸਮੇਤ ਕੁੱਲ ਤਿੰਨ ਪਿਸਤੌਲ ਤੇ 23 ਕਾਰਤੂਸ ਬਰਾਮਦ ਕੀਤੇ ਹਨ। ਇਹ ਪਿਸਤੌਲ ਮੁਲਜ਼ਮ ਨੇ ਪਾਕਿਸਤਾਨ ਤੇ ਹੋਰਨਾਂ ਥਾਵਾਂ ਤੋਂ ਮੰਗਵਾਉਣ ਤੋਂ ਬਾਅਦ ਸਮਾਣਾ-ਪਸਿਆਣਾ ਰੋਡ ’ਤੇ ਲੁਕੋ ਦਿੱਤੇ ਸਨ। ਇਥੋਂ ਉਹ ਪਿਸਤੌਲ ਨੂੰ ਗੈਂਗਸਟਰ ਤੇ ਹੋਰਨਾਂ ਲੋਕਾਂ ਨੂੰ ਸਪਲਾਈ ਕਰਨ ਦੀ ਕੋਸ਼ਿਸ਼ ਵਿਚ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ। ਪ੍ਰੋਡਕਸ਼੍ਵ ਵਾਰੰਟ ’ਤੇ ਲਿਆਂਦੇ ਗਏ ਅਮਰੀਕ ਸਿੰਘ ਤੋਂ ਪੁੱਛਗਿੱਛ ਤੋਂ ਬਾਅਦ ਨੰਦ ਸਿੰਘ ਬਾਰੇ ਪਤਾ ਚੱਲਿਆ। ਨੰਦ ਸਿੰਘ ਦੇ ਬੁੜੇਲ ਜੇਲ੍ਹ ਬ੍ਰੇਕ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਤੇ ਜਗਤਾਰ ਹਵਾਰਾ ਨਾਲ ਸੰਪਰਕ ਸਨ। ਜੇਲ੍ਹ ਬ੍ਰੇਕ ਕੇਸ ਵਿਚ ਨੰਦ ਸਿੰਘ ਦਾ ਨਾਂ ਵੀ ਸੀ। ਸਾਲ 2012 ’ਚ ਇਕ ਹੀ ਜੇਲ੍ਹ ਵਿਚ ਬੰਦ ਰਹਿਣ ਦੌਰਾਨ ਨੰਦ ਸਿੰਘ ਤੇ ਅਮਰੀਕ ਸਿੰਘ ’ਚ ਦੋਸਤੀ ਹੋਈ ਸੀ।

    ਅਹਿਮ ਖੁਲਾਸੇ

    ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਰੀਕ ਸਿੰਘ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਜਾਸੂਸੀ ਵਿਚ ਵੀ ਸ਼ਾਮਲ ਰਿਹਾ ਹੈ ਜੋ ਫੌਜੀ ਮਨਪ੍ਰੀਤ ਸ਼ਰਮਾ ਚੰਡੀ ਮੰਦਰ ਪੰਚਕੂਲਾ, ਪਠਾਨਕੋਟ, ਕੁਪਵਾੜਾ ਅਤੇ ਹੁਣ ਭੋਪਾਲ (ਮੱਧ ਪ੍ਰਦੇਸ਼) ਵਿਖੇ ਤਾਇਨਾਤ ਸੀ। ਅਮਰੀਕ ਸਿੰਘ ਦੀ ਫੌਜੀ ਮਨਪ੍ਰੀਤ ਸ਼ਰਮਾ ਦੇ ਪਿੰਡ ਰਿਸ਼ਤੇਦਾਰੀ ਹੋਣ ਕਰ ਕੇ ਅਪ੍ਰੈਲ 2021 ਵਿਚ ਸੰਪਰਕ ਵਿਚ ਆਏ। ਉਸ ਨੇ ਆਪਣੀ ਚੰਡੀ ਮੰਦਰ ਪੰਚਕੂਲਾ ਵਿਖੇ ਤਾਇਨਾਤੀ ਦੌਰਾਨ ਕਈ ਅਹਿਮ ਖੁਫ਼ੀਆ ਦਸਤਾਵੇਜ਼ 4-5 ਵਾਰੀ ਅਮਰੀਕ ਸਿੰਘ ਨੂੰ ਸੌਂਪੇ ਸੀ। ਫੌਜੀ ਮਨਪ੍ਰੀਤ ਸ਼ਰਮਾ ਦੇ ਕਹਿਣ ’ਤੇ ਅਮਰੀਕ ਸਿੰਘ ਨੇ ਜੁਲਾਈ 2021 ਵਿਚ ਫ਼ੌਜੀ ਦੀ ਮਹਿਲਾ ਦੋਸਤ ਨੂੰ ਤੰਗ ਕਰਨ ਵਾਲੇ ਵਿਅਕਤੀ ’ਤੇ ਫਾਇਰਿੰਗ ਵੀ ਕਰਵਾਈ ਸੀ। ਇਸ ਸਬੰਧੀ ਫ਼ੌਜੀ ਮਨਪ੍ਰੀਤ ਸ਼ਰਮਾ ਅਤੇ ਇਸ ਦੀ ਦੋਸਤ ਕਰੀਬ ਢਾਈ ਮਹੀਨੇ ਕੁਰੂਕਸ਼ੇਤਰ ਜੇਲ੍ਹ ਵਿਚ ਰਹੇ ਹਨ। ਜਨਵਰੀ 2023 ਵਿਚ ਇਸ ਦੀ ਦੋਸਤ ਯੂਕੇ ਚਲੀ ਗਈ ਹੈ। ਪੁਲਿਸ ਅਨੁਸਾਰ ਫੌਜੀ ਮਨਪ੍ਰੀਤ ਸ਼ਰਮਾ ਵੱਲੋ ਵੱਖ-ਵੱਖ ਦੇਸ਼ਾਂ ਯੂਕੇ, ਕੈਨੇਡਾ ਅਤੇ ਨਿਊਜ਼ੀਲੈਂਡ ਦੇ ਵੀਜ਼ੇ ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਹਨ, ਵੀ ਬਰਾਮਦ ਕੀਤੇ ਗਏ ਹਨ। ਇਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

    ਰਿੰਦਾ ਦੇ ਸੰਪਰਕ ’ਚ ਰਿਹਾ ਹੈ ਅਮਰੀਕ ਦੇਧਨਾ

    ਅਮਰੀਕ ਸਿੰਘ ਖ਼ਿਲਾਫ਼ 18 ਮੁਕੱਦਮੇ ਦਰਜ ਹਨ ਜੋ ਸ਼ੁਰੂ ਤੋਂਹੀ ਇਹ ਗੈਂਗਸਟਰਾਂ, ਅੱਤਵਾਦੀਆਂ ਅਤੇ ਡਰੱਗ ਸਮੱਗਲਰਾਂ ਨਾਲ ਜੁੜਿਆ ਹੋਇਆ ਹੈ। ਸਾਲ 2014-15 ਵਿਚ ਜੇਲ੍ਹ ਵਿਚ ਬੰਦ ਸਮੇਂ ਦੌਰਾਨ ਵਿਦੇਸ਼ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਜੋ ਵੀ ਉਸ ਸਮੇ ਪਟਿਆਲਾ ਜੇਲ੍ਹ ਵਿਚ ਬੰਦ ਸੀ, ਨਾਲ ਸੰਪਰਕ ਵਿਚ ਆ ਗਿਆ ਸੀ। ਉਸ ਸਮੇਂ ਤੋਂ ਹੀ ਇਹ ਹਰਵਿੰਦਰ ਰਿੰਦਾ ਦੇ ਭਗੌੜੇ ਰਹਿਣ ਸਮੇਂ ਅਤੇ ਪਾਕਿਸਤਾਨ ਰਹਿਣ ਦੌਰਾਨ ਉਸ ਦੇ ਸੰਪਰਕ ਵਿਚ ਰਿਹਾ ਹੈ। ਅਮਰੀਕ ਸਿੰਘ ਕਈ ਵਾਰੀ ਜੇਲ੍ਹ ਜਾ ਚੁੱਕਾ ਹੈ ਅਤੇ ਨਸ਼ਾ ਤਸਕਰੀ ਦੇ ਕੇਸਾਂ ਵਿਚ ਸਜ਼ਾ ਵੀ ਹੋਈ ਹੈ।