ਪ੍ਰਧਾਨ ਮੰਤਰੀ ਮੋਦੀ ਆਜ਼ਾਦੀ ਮਗਰੋਂ ਪਹਿਲੇ ਪ੍ਰਧਾਨ ਮੰਤਰੀ ਜਿਹਨਾਂ ਨੇ ਸਿੱਖ ਕੌਮ ਦੇ ਮਸਲਿਆਂ ਦੇ ਹੱਲ ਵਾਸਤੇ ਕੰਮ ਕੀਤਾ: ਮਨਜਿੰਦਰ ਸਿੰਘ ਸਿਰਸਾ

    ਨਵੀਂ ਦਿੱਲੀ, 2 ਅਕਤੂਬਰ : ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਛਤੀਸਗੜ੍ਹ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸਿੱਖ ਦੇ ਕੌਮ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖ ਕੌਮ ਵਾਸਤੇ ਕੀਤੇ ਜਾਰਹੇ ਚੰਗੇ ਕਾਰਜਾਂ ਤੋਂ ਜਾਣੂ ਕਰਵਾਇਆ ਤੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਆਜ਼ਾਦੀ ਮਗਰੋਂ ਪਹਿਲੇ ਪ੍ਰਧਾਨ ਮੰਤਰੀ ਹਨ ਜਿਹਨਾਂ ਨੇ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ਹੱਲ ਕੀਤੀਆਂ ਤੇ ਉਹਨਾਂ ਦੀ ਭਲਾਈ ਵਾਸਤੇ ਕੰਮ ਕੀਤਾ।

    ਰਾਏਪੁਰ, ਭਿਲਾਈ, ਰਾਜਨੰਦਗਾਓਂ ਤੇ ਹੋਰ ਸ਼ਹਿਰਾਂ ਵਿਚ ਸਿੱਖ ਭਾਈਚਾਰੇ ਨਾਲ ਕੀਤੀਆਂ ਮੀਟਿੰਗਾਂ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਵੇਂ ਪਿਛਲੇ 9 ਤੋਂ ਵੱਧ ਸਾਲਾਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਿੱਖ ਭਾਈਚਾਰੇ ਦੀ ਭਲਾਈ ਵਾਸਤੇ ਤੇ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਵਾਸਤੇ ਕੰਮ ਕਰ ਰਹੇ ਹਨ।

    ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਕਾਰਜਕਾਲ ਵਿਚ ਦੇਸ਼ ਵਿਚ ਪਹਿਲੀ ਵਾਰ ਹੈ ਕਿ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਹੋਵੇ ਤੇ ਪ੍ਰਧਾਨ ਮੰਤਰੀ ਨੇ 15 ਅਗਸਤ ਤੋਂ ਬਿਨਾਂ ਲਾਲ ਕਿਲ੍ਹੇ ਤੋਂ ਸੰਬੋਧਨ ਕੀਤਾ ਹੋਵੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਆਪ ਕਿਹਾਸੀ ਕਿ ਇਹ ਦੇਸ਼ ਤਾਂ ਹੀ ਬਚ ਸਕਿਆ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਸ਼ਹਾਦਤ ਦਿੱਤੀ ਹੈ।

    ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਪਹਿਲੀ ਵਾਰ ਸਰਕਾਰ ਨੇ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਜੋਂ ਕੌਮੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾਕਿ ਇਹ ਫੈਸਲਾ ਬਹੁਤ ਕ੍ਰਾਂਤੀਕਾਰੀ ਸਾਬਤ ਹੋਇਆਹੈ ਜਿਸਦੀ ਬਦੌਲਤ ਦੇਸ਼ ਭਰ ਵਿਚ ਸਕੂਲਾਂ ਵਿਚ ਪੜ੍ਹਦੇ ਬੱਚੇ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਹੋਏ ਹਨ। ਉਹਨਾਂ ਕਿਹਾ ਕਿ ਬੱਚਿਆਂ ਸਮੇਤ ਜਦੋਂ ਲੋਕਾਂ ਨੂੰ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਮਿਲੀ ਤਾਂ ਲੋਕ ਸੋਚਣ ਲਈ ਮਜਬੂਰ ਹੋਏ ਕਿ ਅਜਿਹੀ ਬਹਾਦਰੀ ਦੀ ਬਹੁਤ ਜ਼ਰੂਰਤ ਹੈ।

    ਉਹਨਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੈ ਕਿ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਸੱਜਣ ਕੁਮਾਰ ਤੇ ਹੋਰ ਦੋਸ਼ੀ ਸਲਾਖ਼ਾਂ ਪਿੱਛੇ ਗਏ ਕਿਉਂਕਿ ਮੋਦੀ ਸਰਕਾਰ ਨੇ ਇਹਨਾਂ ਕੇਸਾਂ ਦੀ ਮੁੜ ਜਾਂਚ ਵਾਸਤੇ ਐਸ ਆਈ ਟੀ ਦਾ ਗਠਨ ਕੀਤਾ।

    ਸਰਦਾਰ ਸਿਰਸਾ ਨੇ ਇਹ ਵੀ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਗੱਤਕਾ ਨੂੰ ਕੌਮੀ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਹੈ ਅਤ ਭਾਰਤ ਸਰਕਾਰ ਇਹਨਾਂ ਖੇਡਾਂ ਦੇ ਜੇਤੂਆਂ ਵਾਸਤੇ 6 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਕਿਸੇ ਨੇ ਵੀ ਕਦੇ ਇਹ ਸੋਚਿਆ ਨਹੀਂ ਹੋਵੇਗਾ ਕਿ ਨਿਰੋਲ ਸਿੱਖ ਖੇਡਾਂ ਗੱਤਕਾ ਨੂੰ ਕੌਮੀ ਖੇਡਾਂ ਵਿਚ ਸ਼ਾਮਲ ਕਰਵਾਇਆ ਜਾ ਸਕਦਾ ਹੈ ਤੇ ਹੁਣ ਇਸਨੂੰ ਕੌਮਾਂਤਰੀ ਕੈਲੰਡਰ ਵਿਚ ਸ਼ਾਮਲ ਕਰਵਾਉਣ ਦੇ ਯਤਨ ਜਾਰੀ ਹਨ।

    ਇਸ ਮੌਕੇ ਸਾਬਕਾ ਐਮ ਪੀ ਅਭਿਸ਼ੇਕ ਸਿੰਘ, ਭਾਜਪਾ ਦੇ ਸੰਸਥਾਪਕ ਮੈਂਬਰ ਤੇ ਸਾਬਕਾ ਵਿਧਾਇਕ ਖੂਬ ਚੰਦ ਪਾਰਿਖ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਮੈਂਬਰ ਸਰਦਾਰ ਗੁਰਮੀਤ ਸਿੰਘ ਭਾਟੀਆ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।