ਜਲੰਧਰ : (ਵਿੱਕੀ ਸੂਰੀ) ਜੇਕਰ ਤੁਸੀਂ ਕੈਪਰੀ ਜਾਂ ਸ਼ਰਟ ਪਾ ਕੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 4 ਵਿੱਚ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਵੋ। ਥਾਣੇ ਦੇ ਬਾਹਰ ਖੜ੍ਹੇ ਮੁਲਾਜ਼ਮ ਹੁਣ ਤੁਹਾਨੂੰ ਅਜਿਹੇ ਪਹਿਰਾਵੇ ‘ਚ ਅੰਦਰ ਜਾਣ ਨਹੀਂ ਦੇਣਗੇ। ਥਾਣਾ ਇੰਚਾਰਜ ਨੇ ਥਾਣੇ ‘ਚ ਆਉਣ ਵਾਲੇ ਲੋਕਾਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਥਾਣੇ ਦੇ ਮੁੱਖ ਗੇਟ ’ਤੇ ਇਕ ਥਾਂ ’ਤੇ ਨਹੀਂ ਸਗੋਂ ਦੋ ਥਾਵਾਂ ’ਤੇ ਨੋਟਿਸ ਚਿਪਕਾਏ ਗਏ ਹਨ ਕਿ ਕੈਪਰੀ-ਨਿੱਕਰ ਪਾ ਕੇ ਥਾਣੇ ਆਉਣ ਦੀ ਮਨਾਹੀ ਹੈ।

    ਭਾਵੇਂ ਕਿ ਪੁਲਿਸ ਸਟੇਸ਼ਨ ਵਿਚ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲਿਆਂ ਲਈ ਡੀਜੀਪੀ ਦਫ਼ਤਰ ਜਾਂ ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਕੋਈ ਹੁਕਮ ਨਹੀਂ ਹੈ ਪਰ ਇਹ ਨੋਟਿਸ ਪੁਲਿਸ ਥਾਣਾ ਡਵੀਜ਼ਨ ਨੰਬਰ 4 ਵਿਚ ਆਪਣੇ ਪੱਧਰ ’ਤੇ ਚਿਪਕਾਇਆ ਗਿਆ ਹੈ। ਜਦੋਂ ਇਸ ਸਬੰਧੀ ਥਾਣਾ ਸਦਰ ਦੇ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਤਰਕ ਸੀ ਕਿ ਜੇਕਰ ਕੋਈ ਕੈਪਰੀ ਜਾਂ ਸ਼ਰਟ ਪਾ ਕੇ ਕਿਸੇ ਸਰਕਾਰੀ ਦਫ਼ਤਰ ਵਿਚ ਆਉਂਦਾ ਤਾਂ ਚੰਗਾ ਨਹੀਂ ਲੱਗਦਾ। ਇਹ ਸਾਡਾ ਸੱਭਿਆਚਾਰ ਨਹੀਂ ਹੈ।