ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਪੁਰਾਤਨ ਸਮੇਂ ਤੋਂ ਹੀ ਮਰਦ ਪ੍ਰਧਾਨ ਸਮਾਜ ਵਿਚ ਔਰਤ ਜ਼ੁਲਮ ਸਹਿੰਦੀ ਆਈ ਹੈ। ਹਮੇਸ਼ਾ ਓਸਦੀ ਆਵਾਜ਼ ਨੂੰ ਦਬਾਇਆ ਜਾਂਦਾ ਰਿਹਾ ਹੈ। ਸਮੇਂ ਦਾ ਹਾਣੀ ਬਣਨਾ ਹੈ ਤਾਂ ਕੁੜੀਆਂ ਨੂੰ ਖੁਦ ਆਪਣੀ ਆਵਾਜ਼ ਚੁੱਕਣੀ ਪਵੇਗੀ। ਅਜਿਹਾ ਹੀ ਸੁਨੇਹਾ ਦਿੰਦੀ ਹੈ ਆਉਣ ਵਾਲੀ ਪੰਜਾਬੀ ਫਿਲਮ ’ਚਿੜੀਆਂ ਦਾ ਚੰਬਾ’। ਇਹਨਾ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਪੁੱਜੇ ਪ੍ਰਸਿੱਧ ਗਾਇਕ ਤੇ ਗੀਤਕਾਰ ਸ਼ਿਵਜੋਤ ਨੇ ਕੀਤਾ। ਪ੍ਰੇਮ ਸਿੰਘ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਫਿਲਮ ਦੀ ਸਮੁੱਚੀ ਟੀਮ ਪੁੱਜੀ ਫ਼ਿਰੋਜਪੁਰ ਵਿਖੇ ਪੁੱਜੀ। ਜਿਸ ਵਿਚ ਪਹਿਲੀ ਵਾਰ ਬਤੌਰ ਅਦਾਕਾਰ ਹਾਜ਼ਰ ਹੋਣ ਜਾ ਰਿਹਾ ਗਾਇਕ ਗੀਤਕਾਰ ਸ਼ਿਵਜੋਤ, ਹੀਰੋਇਨਾਂ ਸ਼ਰਨ ਕੌਰ, ਨੇਹਾ ਪਵਾਰ, ਪ੍ਰਭ ਗਰੇਵਾਲ ਅਤੇ ਮਹਿਨਾਜ਼ ਮਾਨ ਅਤੇ ਨਿਰਮਾਤਾ ਡਿੰਪਲ ਖਰੌੜ ਤੇ ਅਭੇਦੀਪ ਸਿੰਘ ਮੁੱਤੀ ਸ਼ਾਮਿਲ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਦੀ ਟੀਮ ਨੇ ਕਿਹਾ ਕਿ ਇਹ ਫਿਲਮ ਓਹਨਾ ਕੁੜੀਆਂ ਦੀ ਕਹਾਣੀ ਹੈ ਜਿੰਨ੍ਹਾ ਨੂੰ ਮਾਸੂਮ ਕਿਹਾ ਜਾਂਦਾ ਹੈ ਪਰ ਓਹ ਸ਼ੇਰਨੀਆਂ ਬਣਦੀਆਂ ਹਨ। ਟੀਮ ਨੇ ਕਿਹਾ ਕਿ ਬੇਸ਼ੱਕ ਜ਼ਮਾਨਾ ਬਦਲ ਗਿਆ ਹੈ ਪਰ ਔਰਤਾਂ ਨੂੰ ਪੂਰੀ ਤਰ੍ਹਾਂ ਸਮਾਜ ‘ਚ ਹਾਲੇ ਵੀ ਬਰਾਬਰੀ ਨਹੀਂ ਮਿਲੀ। ਨਿਰਮਾਤਾ ਡਿੰਪਲ ਖਰੌੜ ਤੇ ਅਭੇਦੀਪ ਸਿੰਘ ਮੁੱਤੀ ਨੇ ਕਿਹਾ ਕਿ ਅਜਿਹੀਆਂ ਵਿਸ਼ਿਆਂ ਤੇ ਫ਼ਿਲਮਾਂ ਬਣਾਉਣਾ ਬੇਸ਼ੱਕ ਰਿਸਕ ਹੈ ਪਰ ਓਹਨਾ ਨੂੰ ਕਨਸੈਪਟ ਹੀ ਏਨਾ ਪਿਆਰਾ ਲੱਗਾ ਕਿ ਉਹ ਫਿਲਮ ਬਣਾਉਣ ਲਈ ਰਾਜ਼ੀ ਹੋ ਗਏ। ਓਹਨਾ ਕਿਹਾ ਕਿ ਫਿਲਮ ਇੱਕ ਚੰਗਾ ਸੰਦੇਸ਼ ਦਿੰਦੀ ਹੈ ਅਤੇ ਓਹਨਾ ਨੂੰ ਉਮੀਦ ਹੈ ਕਿ ਦਰਸ਼ਕ ਭਰਪੂਰ ਸਾਥ ਦੇਣਗੇ।