ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਦੇ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਦੇ ਨਵੇਂ ਏਜੀ ਲਈ ਗੁਰਮਿੰਦਰ ਗੈਰੀ ਦੇ ਨਾਮ ‘ਤੇ ਮੁਹਰ ਲਗਾਈ ਗਈ ਹੈ। ਕਾਬਿਲੇਗੌਰ ਹੈ ਕਿ ਸਰਕਾਰ ਵਿਨੋਦ ਘਈ ਦੀ ਕਾਰਜ ਪ੍ਰਣਾਲੀ ਤੋਂ ਖੁਸ਼ ਨਹੀਂ ਸੀ ਅਤੇ ਵਿਨੋਦ ਘਈ ਕਈ ਮਾਮਲਿਆਂ ’ਚ ਸਰਕਾਰ ਨੂੰ ਨਿਰਾਸ਼ ਕਰਵਾ ਚੁੱਕੇ ਸਨ।

    ਪੰਚਾਇਤਾਂ ਨੂੰ ਭੰਗ ਕਰਨ ‘ਤੇ ਉਸ ਦੇ ਅਗਲੇ ਦਿਨ ਜ਼ਿਲ੍ਹਾ ਸੰਮਤੀਆਂ ਨੂੰ ਭੰਗ ਕਰਨ ਲਈ ਜਾਰੀ ਕੀਤੇ ਗਏ ਹੁਕਮਾਂ ਨੂੰ ਹਾਈ ਕੋਰਟ ’ਚ ਵਾਪਸ ਲਿਆ ਗਿਆ ਸੀ। ਉਸ ਨੇ ਵਿਰੋਧੀ ਪਾਰਟੀਆਂ ਨੂੰ ਸਰਕਾਰ ’ਤੇ ਹਮਲਾ ਕਰਨ ਦਾ ਇੱਕ ਵੱਡਾ ਮੁੱਦਾ ਸੌਂਪ ਦਿੱਤਾ ਸੀ।

    ਹਾਲਾਂਕਿ ਪੰਚਾਇਤਾਂ ਭੰਗ ਕਰਨ ਦੇ ਮੁੱਦੇ ‘ਤੇ ਸੀਐਮ ਭਗਵੰਤ ਮਾਨ ਨੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਡੀਕੇ ਤਿਵਾੜੀ ਤੇ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਸਸਪੈਂਡ ਕਰ ਦਿੱਤਾ ਹੈ ਪਰ ਸਰਕਾਰ ਦੀ ਇਸ ਕਾਰਵਾਈ ਨੂੰ ਵੀ ਇਕਪਾਸੜ ਮੰਨਿਆ ਗਿਆ ਸੀ।

    ਨਵੇਂ AG ਬਾਰੇ ਜਾਣਕਾਰੀ ਦਿੰਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਕਿਹਾ, “ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ….ਜਿਸ ਵਿੱਚ ਨਵੇਂ AG ਨੂੰ ਕੈਬਨਿਟ ਵਲੋਂ ਪ੍ਰਵਾਨਗੀ ਦਿੱਤੀ ਗਈ…ਨਵੇਂ AG ਵਜੋਂ ਗੁਰਮਿੰਦਰ ਸਿੰਘ ਦੇ ਨਾਮ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ…”

    ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ “SYL ਦੇ ਮਸਲੇ ਨੂੰ ਲੈਕੇ ਵੀ ਮੀਟਿੰਗ ‘ਚ ਚਰਚਾ ਹੋਈ…ਕਿਸੇ ਵੀ ਕੀਮਤ ‘ਤੇ ਇੱਕ ਬੂੰਦ ਵੀ ਵਾਧੂ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ…”

    ਹੋਰ ਜਾਣਕਾਰੀ ਦਿੰਦਿਆਂ, CM ਭਗਵੰਤ ਮਾਨ ਨੇ ਕਿਹਾ ਕਿ “ਜਲਦ ਮਾਨਸੂਨ ਇਜਲਾਸ ਸੱਦਣ ‘ਤੇ ਵੀ ਵਿਚਾਰ ਹੋਇਆ… ਕਈ ਹੋਰ ਲੋਕ ਪੱਖੀ ਫੈਸਲਿਆਂ ਨੂੰ ਵੀ ਮਨਜ਼ੂਰੀ ਦਿੱਤੀ…” ਇਸ ਮੀਟਿੰਗ ‘ਚ ਲਏ ਗਏ ਫੈਸਲਿਆਂ ਬਾਰੇ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਮੀਡਿਆ ਨੂੰ ਸੰਬੋਧਨ ਕਰਨਗੇ।