ਲੁਧਿਆਣਾ: ਵਿਚ ਐਸਡੀਐਮ ਦੇ ਗੰਨਮੈਨ ਵਜੋਂ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਤੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਦੋਸ਼ੀਆਂ ਨੇ ਉਨ੍ਹਾਂ ਨੂੰ ਛੁਡਾਉਣ ਆਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਵੀ ਕੁੱਟਮਾਰ ਕੀਤੀ। ਇਹ ਮਾਮਲਾ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ‘ਤੇ ਸਾਹਮਣੇ ਆਇਆ।
ਗੰਨਮੈਨ ਦੀ ਕਾਰ ਘਰ ਦੇ ਬਾਹਰ ਗਲੀ ਵਿੱਚ ਖੜ੍ਹੀ ਸੀ। ਇਸ ਦੌਰਾਨ ਮੁਲਜ਼ਮ ਕਰਮਜੀਤ ਸਿੰਘ ਉਰਫ਼ ਕੰਮਾ ਆਪਣੀ ਪਤਨੀ ਕੋਮਲ ਨਾਲ ਕਾਰ ਵਿੱਚ ਬੈਠ ਕੇ ਲਗਾਤਾਰ ਹਾਰਨ ਵਜਾ ਰਿਹਾ ਸੀ। ਜਦੋਂ ਪੁਲਿਸ ਮੁਲਾਜ਼ਮ ਨੇ ਬਾਹਰ ਜਾ ਕੇ ਉਸ ਨੂੰ ਵਾਰ-ਵਾਰ ਹਾਰਨ ਵਜਾਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਪੁਲਿਸ ਮੁਲਾਜ਼ਮ ਦੀ ਪਤਨੀ ਛਡਵਾਉਣ ਲਈ ਅੱਗੇ ਆਈ ਤਾਂ ਮੁਲਜ਼ਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਪੀੜਤ ਪੁਲਿਸ ਮੁਲਾਜ਼ਮ ਦੀ ਪਤਨੀ ਜਗਦੇਵ ਕੌਰ ਨੇ ਦੱਸਿਆ ਕਿ ਗਲੀ ਵਿੱਚ ਕਾਫੀ ਰਸਤਾ ਸੀ। ਮੁਲਜ਼ਮਾਂ ਦੀ ਕਾਰ ਆਸਾਨੀ ਨਾਲ ਲੰਘ ਸਕਦੀ ਸੀ ਪਰ ਉਹ ਹਾਰਨ ਵਜਾਉਂਦੇ ਰਹੇ। ਇਸ ‘ਤੇ ਜਦੋਂ ਪਤੀ ਨੇ ਉਸ ਨੂੰ ਬਾਹਰ ਜਾ ਕੇ ਉਨ੍ਹਾਂ ਨੂੰ ਹਾਰਨ ਵਜਾਉਣ ਤੋਂ ਰੋਕਿਆ ਤਾਂ ਦੋਸ਼ੀ ਪਤੀ-ਪਤਨੀ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ।
ਜਗਦੇਵ ਕੌਰ ਨੇ ਦੱਸਿਆ ਕਿ ਮੁਲਜ਼ਮ ਕਰਮਜੀਤ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਸੀ। ਜਦੋਂ ਉਸ ਨੂੰ ਆਪਣੇ ਘਰ ਜਾਣ ਲਈ ਕਿਹਾ ਗਿਆ ਤਾਂ ਦੋਸ਼ੀ ਨੇ ਗੁੱਸੇ ਵਿਚ ਆ ਕੇ ਆਪਣੇ ਦੋਸਤਾਂ ਨੂੰ ਬੁਲਾ ਲਿਆ। ਜਗਦੇਵ ਕੌਰ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਪਤੀ ਨੂੰ ਵਾਲਾਂ ਤੋਂ ਘਸੀਟ ਕੇ ਗਲੀ ਵਿੱਚ ਲੈ ਗਿਆ।
ਇਸ ਦੌਰਾਨ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਰਣਜੋਧ ਸਿੰਘ ਨੇ ਮੁਲਜ਼ਮਾਂ ਨੂੰ ਰੋਕਿਆ ਤਾਂ ਹਮਲਾਵਰਾਂ ਵੱਲੋਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਜਗਦੇਵ ਕੌਰ ਨੇ ਦੱਸਿਆ ਕਿ ਲੜਾਈ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਘਰ ਦੇ ਅੰਦਰ ਜਾਣ ਲੱਗੀ ਤਾਂ ਮੁਲਜ਼ਮਾਂ ਨੇ ਮੁੜ ਘਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਹਮਲਾ ਕਰ ਦਿੱਤਾ। ਜਾਂਦੇ ਸਮੇਂ ਮੁਲਜ਼ਮਾਂ ਨੇ ਉਸ ਦੇ ਗਲੇ ਵਿੱਚ ਪਾਈ 3 ਤੋਲੇ ਸੋਨੇ ਦੀ ਚੇਨ ਅਤੇ ਸਿਰ ਤੋਂ ਪਰਨਾ ਲਾਹ ਲਿਆ ਅਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।
ਪੁਲਿਸ ਨੇ ਕਰਮਜੀਤ ਸਿੰਘ ਉਰਫ਼ ਕੰਮਾ, ਕੋਮਲ, ਲੱਕੀ, ਜਗੀਤਾ ਰਾਣੀ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 452, 323, 341, 379-ਬੀ, 295, 506,34 ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਚੰਦ ਅਹੀਰ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।