ਮਸਲਾ ਜਲਦ ਹੱਲ ਕਰਨ ਦਾ ਪੁਲਿਸ ਤੇ ਪੀ ਡਬਲਿਊ ਅਧਿਕਾਰੀਆਂ ਨੇ ਭਰੋਸਾ ਦੁਆਇਆ: ਜਸਮੇਨ ਸਿੰਘ ਨੋਨੀ, ਅਮਰਜੀਤ ਸਿੰਘ ਪਿੰਕੀ

    ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੇ 20-20 ਹਜ਼ਾਰ ਰੁਪਏ ਦੇ ਚਲਾਨ ਕੱਟੇ ਜਾਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਦੋ ਮੈਂਬਰੀ ਟੀਮ ਦਾ ਗਠਨ ਕੀਤਾ ਤੇ ਇਸ ਮਸਲੇ ਨੂੰ ਹੱਲ ਕਰਵਾਉਣ ਦੀ ਹਦਾਇਤ ਕੀਤੀ। ਇਸ ਟੀਮ ਵਿਚ ਕਮੇਟੀ ਦੇ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਚੇਅਰਮੈਨ ਸਰਦਾਰ ਅਮਰਜੀਤ ਸਿੰਘ ਪਿੰਕੀ ਸ਼ਾਮਲ ਸਨ।

    ਇਸ ਟੀਮ ਵੱਲੋਂ ਕਮਿਸ਼ਨਰ ਪੁਲਿਸ, ਡਿਪਟੀ ਕਮਿਸ਼ਨਰ ਪੁਲਿਸ ਤੇ ਪੀ ਡਬਲਿਊ ਅਧਿਕਾਰੀਆਂ ਨਾਲ ਇਸ ਬਾਰੇ ਮੁਲਾਕਾਤ ਕਰ ਕੇ ਮਸਲਾ ਵਿਚਾਰਿਆ ਗਿਆ।

    ਮੀਟਿੰਗ ਮਗਰੋਂ ਹੋਈ ਗੱਲਬਾਤ ਦੇ ਵੇਰਵੇ ਦੱਸਦਿਆਂ ਸਰਦਾਰ ਜਸਮੇਨ ਸਿੰਘ ਨੋਨੀ ਤੇ ਸਰਦਾਰ ਅਮਰਜੀਤ ਸਿੰਘ ਪਿੰਕੀ ਨੇ ਦੱਸਿਆ ਕਿ ਪੁਲਿਸ ਤੇ ਪੀ ਡਬਲਿਊ ਡੀ ਦੋਵਾਂ ਵਿਭਾਗਾਂ ਦੇ ਉਚ ਅਧਿਕਾਰੀਆਂ ਨੇ ਆਖਿਆ ਹੈ ਕਿ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸਭ ਦਾ ਸਾਂਝਾ ਤੇ ਸਤਿਕਾਰਯੋਗ ਸਥਾਨ ਹੈ ਜਿਥੇ ਸੰਗਤਾਂ ਨਤਮਤਸਕ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ’ਤੇ ਸੀਸ ਨਿਵਾਉਂਦੀਆਂ ਹਨ। ਉਹਨਾਂ ਦੱਸਿਆ ਕਿ ਅਧਿਕਾਰੀਆਂ ਨੇ ਇਕ ਦੋ ਦਿਨਾਂ ਵਿਚ ਇਸ ਮਸਲੇ ਦਾ ਸਥਾਈ ਹੱਲ ਕੱਢਣ ਦਾ ਭਰੋਸਾ ਦੁਆਇਆ ਹੈ।

    ਉਹਨਾਂ ਇਹ ਵੀ ਦੱਸਿਆ ਕਿ ਜਿਹਨਾਂ ਦੇ 20-20 ਹਜ਼ਾਰ ਰੁਪਏ ਦੇ ਚਲਾਨ ਹੋਏ ਹਨ, ਉਹਨਾਂ ਦੇ ਹੱਲ ਵਾਸਤੇ ਵੀ ਦਿੱਲੀ ਗੁਰਦੁਆਰਾ ਕਮੇਟੀ ਕੰਮ ਕਰ ਰਹੀ ਹੈ। ਉਹਨਾਂ ਨੇ ਅਜਿਹੇ ਸਾਰੇ ਸ਼ਰਧਾਲੂ ਜਿਹਨਾਂ ਦੇ ਚਲਾਨ ਹੋਏ ਹਨ, ਉਹਨਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਮੈਨੇਜਰ ਨਾਲ ਮੁਲਾਕਾਤ ਕਰ ਕੇ ਆਪਣੇ ਚਲਾਨ ਦੀਆਂ ਕਾਪੀਆਂ ਸੌਂਪਣ, ਇਹ ਮਸਲਾ ਵੀ ਹੱਲ ਕੀਤਾ ਜਾਵੇਗਾ ਤੇ ਉਹਨਾਂ ਨੂੰ ਚਲਾਨ ਭਰਨ ਦੀ ਕੋਈ ਜ਼ਰੂਰਤ ਨਹੀਂ ਪਵੇਗੀ।