ਮਲਕੀਤ ਸਿੰਘ ਤੇ ਕਸ਼ਮੀਰ ਸਿੰਘ ਹੋਣਗੇ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵੇਲੇ ਤਤਕਾਲੀ ਡਾਇਰੈਕਟਰ ਗੁਰਦੁਆਰਾ ਚੋਣਾਂ ਸਰਦਾਰ ਨਰਿੰਦਰ ਸਿੰਘ ਵੱਲੋਂ ਆਪਣੀ ਮਨਮਰਜ਼ੀ ਨਾਲ ਅਹੁਦੇਦਾਰਾਂ ਦੀ ਚੋਣ ਕਰਵਾਉਣ ਦੇ ਕੀਤੇ ਗਏ ਫੈਸਲੇ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ ਤੇ ਹੁਣ ਪਾਰਦਰਸ਼ੀ ਚੋਣ ਪ੍ਰਕਿਰਿਆ ਤਹਿਤ ਹੋਈ ਚੋਣ ਮੁਤਾਬਕ ਸਰਦਾਰ ਸੁਰਿੰਦਰ ਸਿੰਘ ਦਾਰਾ ਤੇ ਸਰਦਾਰ ਮਹਿੰਦਰ ਸਿੰਘ ਦੀ ਮੈਂਬਰੀ ਰੱਦ ਹੋਵੇਗੀ ਜਦੋਂ ਕਿ ਸਰਦਾਰ ਮਲਕੀਤ ਸਿੰਘ ਤੇ ਸਰਦਾਰ ਕਸ਼ਮੀਰ ਕਮੇਟੀ ਦੇ ਨਵੇਂ ਮੈਂਬਰ ਹੋਣਗੇ। ਇਹ ਪ੍ਰਗਟਾਦਾ ਸਰਦਾਰ ਇੰਦਰਮੋਹਨ ਸਿੰਘ ਪ੍ਰਧਾਨ ਦਸ਼ਮੇਸ਼ ਸੇਵਾ ਸੁਸਾਇਟੀ ਨੇ ਕੀਤਾ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਕਮੇਟੀ ਦੀਆਂ ਚੋਣਾਂ ਵੇਲੇ ਤੇ ਫਿਰ ਅਹੁਦੇਦਾਰਾਂ ਦੀ ਚੋਣ ਵੇਲੇ ਤਤਕਾਲੀ ਡਾਇਰੈਕਟਰ ਸਰਦਾਰ ਨਰਿੰਦਰ ਸਿੰਘ ਨੇ ਬਹੁਤ ਆਪ ਹੁਦਰੀਆਂ ਕੀਤੀਆਂ ਸਨ। ਉਹਨਾਂ ਕਿਹਾ ਕਿ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਹਨਾਂ ਆਪਣੀ ਮਰਜ਼ੀ ਮੁਤਾਬਕ ਕਾਰਵਾਈ ਕੀਤੀ ਜਿਸਨੂੰ ਹੁਣ ਪ੍ਰਮੁੱਖ ਸਕੱਤਰ ਗੁਰਦੁਆਰਾ ਚੋਣਾਂ ਨੇ ਨਾ ਸਿਰਫ ਗਲਤ ਠਹਿਰਾਇਆ ਹੈ ਬਲਕਿ ਸਰਦਾਰ ਨਰਿੰਦਰ ਸਿੰਘ ਖਿਲਾਫ ਵਿਭਾਗੀ ਕਾਰਵਾਈ ਦੀ ਸਿਫਾਰਸ਼ ਵੀ ਕੀਤੀ ਹੈ।
ਉਹਨਾਂ ਦੱਸਿਆ ਕਿ ਦਿੱਲੀ ਵਿਚ ਸਿੰਘ ਸਭਾਵਾਂ ਦੇ ਦਿੱਲੀ ਕਮੇਟੀ ਮੈਂਬਰ ਵਜੋਂ ਨਾਮਜ਼ਦਗੀ ਲਈ ਕੱਢੇ ਜਾਂਦੇ ਡਰਾਅ ਵਿਚ ਸਿਰਫ ਦੋ ਹੀ ਡਰਾਅ ਕੱਢੇ ਜਾ ਸਕਦੇ ਹਨ ਜਦੋਂ ਕਿ ਸਰਦਾਰ ਨਰਿੰਦਰ ਸਿੰਘ ਨੇ 5 ਡਰਾਅ ਕੱਢਵਾ ਦਿੱਤੇ ਸਨ। ਉਹਨਾਂ ਕਿਹਾ ਕਿ ਹੁਣ ਜਦੋਂ ਸਾਰੇ ਮਾਮਲੇ ਦੀ ਪ੍ਰਸ਼ਾਸਕੀ ਘੋਖ ਹੋਈ ਹੈ ਤਾਂ ਇਹ ਫੈਸਲਾ ਹੋਇਆ ਹੈ ਕਿ ਨਿਯਮਾਂ ਮੁਤਾਬਕ ਹੀ ਡਰਾਅ ਦੇ ਉਹ ਸਿੰਘ ਸਭਾ ਪ੍ਰਧਾਨ ਹੀ ਮੈਂਬਰ ਬਣ ਸਕਦੇ ਹਨ ਜਿਹਨਾਂ ਦਾ ਡਰਾਅ ਨਿਕਲਿਆ ਹੋਵੇ ਤੇ ਇਸ ਮੁਤਾਬਕ ਹੁਣ ਸਰਦਾਰ ਸੁਰਿੰਦਰ ਸਿੰਘ ਦਾਰਾ ਤੇ ਸਰਦਾਰ ਮਹਿੰਦਰ ਸਿੰਘ ਦੀ ਮੈਂਬਰੀ ਰੱਦ ਹੋਵੇਗੀ ਜਦੋਂ ਕਿ ਸਰਦਾਰ ਮਲਕੀਤ ਸਿੰਘ ਤੇ ਸਰਦਾਰ ਕਸ਼ਮੀਰ ਸਿੰਘ ਕਮੇਟੀ ਦੇ ਨਵੇਂ ਮੈਂਬਰ ਹੋਣਗੇ।
ਉਹਨਾਂ ਦੱਸਿਆ ਕਿ ਗੁਰਦੁਆਰਾ ਚੋਣ ਕਮਿਸ਼ਨ ਦੇ ਸੈਕਟਰੀ ਨੇ ਕੰਡਕਟ ਆਫ ਰੂਲਜ਼ 1965 ਮੁਤਾਬਕ ਕਾਰਵਾਈ ਕਰਨ ਵਾਸਤੇ ਕਿਹਾ ਹੈ ਜਿਸ ’ਤੇ ਪ੍ਰਮੁੱਖ ਸਕੱਤਰ ਗੁਰਦੁਆਰਾ ਚੋਣਾਂ ਨੇ ਬਹੁਤ ਸਖ਼ਤ ਹੁਕਮ ਪਾਸ ਕਰਦਿਆਂ ਕਿਹਾ ਕਿ ਸਰਦਾਰ ਨਰਿੰਦਰ ਸਿੰਘ ਦੇ ਖਿਲਾਫ ਚਾਰਜਸ਼ੀਟ ਦਾਇਰ ਹੋਣੀ ਚਾਹੀਦੀ ਹੈ ਜਿਸਨੇ ਆਪਣੀ ਮਨਮਰਜ਼ੀ ਮੁਤਾਬਕ ਫੈਸਲੇ ਕੀਤੇ।