ਫਿ਼ਰੋਜ਼ਪੁਰ, (ਜਤਿੰਦਰ ਪਿੰਕਲ)

    ਅੱਜ ਇਥੇ ਅੱਜ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵੱਲੋਂ ਸਿਵਲ ਹਸਪਤਾਲ ਫਿ਼ਰੋਜ਼ਪੁਰ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਖੂਨਦਾਨੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਸਾਮਾ ਡੀ.ਐੱਸ.ਪੀ ਵਿਜੀਲੈਂਸ ਫ਼ਿਰੋਜ਼ਪੁਰ ਅਤੇ ਪ੍ਰਸਿੱਧ ਕਮੇਡੀਅਨ ਗੁਰਚੇਤ ਚਿੱਤਰਕਾਰ ਉਚੇਚੇ ਤੌਰ ‘ਤੇ ਪੁੱਜੇ।

    ਖ਼ੂਨਦਾਨ ਕੈਂਪ ਸਬੰਧੀ ਬੋਲਦਿਆਂ ਡੀ ਐੱਸ ਪੀ ਰਾਜ ਕੁਮਾਰ ਸਾਮਾ ਨੇ ਕਿਹਾ ਕਿ ਸਾਨੂੰ ਮਨੁੱਖਤਾ ਦੀ ਸੇਵਾ ਵਿਚ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਮਨੁੱਖਤਾ ਦੀ ਸੇਵਾ ਹੀ ਇਕ ਸੱਚੀ ਸੁੱਚੀ ਸੇਵਾ ਹੈ। ਤੁਹਾਡਾ ਦਿੱਤਾ ਹੋਇਆ ਖੂਨ ਦਾ ਇਕ ਇੱਕ ਕਤਰਾ ਕਿਸੇ ਲੋੜਵੰਦ ਮਨੁੱਖ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਸਤਲੁਜ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਪੱਤਰਕਾਰਤਾ ਦੇਸ਼ ਦਾ ਚੌਥਾ ਥੰਮ ਹੁੰਦਾ ਹੈ ਜੋ ਸਮਾਜ ਵਾਸਤੇ ਸ਼ੀਸ਼ੇ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹੋ ਜਿਹੇ ਖੂਨਦਾਨ ਕੈਂਪ ਵੱਧ ਤੋਂ ਵੱਧ ਲਾਉਣੇ ਚਾਹੀਦੇ ਹਨ। ਪ੍ਰਸਿੱਧ ਕਮੇਡੀਅਨ ਨੇ ਗੁਰਚੇਤ ਚਿੱਤਰਕਾਰ ਨੇ ਕਿਹਾ ਕਿ ਸਮਾਜ ਸੇਵਾ ਕਦੇ ਵਿਅਰਥ ਨਹੀਂ ਜਾਂਦੀ। ਓਹਨਾ ਕਿਹਾ ਕਿ ਸਾਡੀ ਗੁਰੂਆਂ ਦੀ ਧਰਤੀ ਉੱਤੇ ਸੇਵਾ ਕਰਨ ਵਾਲੇ ਲੋਕਾਂ ਕਰਕੇ ਹੀ ਪੰਜਾਬੀਆਂ ਦੇ ਝੰਡੇ ਬੁਲੰਦ ਹਨ। ਮੁਸੀਬਤਾਂ ਵੇਲੇ ਪੰਜਾਬ ਹਮੇਸ਼ਾ ਅੱਗੇ ਹੋ ਕੇ ਖੜ੍ਹਿਆ ਹੈ। ਓਹਨਾ ਨੇ ਸਮੂਹ ਪੱਤਰਕਾਰ ਸਾਥੀਆਂ ਦੀ ਵੀ ਇਸ ਕਾਰਜ ਵਾਸਤੇ ਸ਼ਲਾਘਾ ਕੀਤੀ।

    ਮਨੁੱਖਤਾ ਦੇ ਭਲੇ ਲਈ ਸਤਲੁਜ ਪ੍ਰੈੱਸ ਕਲੱਬ ਵੱਲੋਂ ਲਗਾਏ ਗਏ ਇਸ ਖੂਨਦਾਨ ਵਿੱਚ ਡੀ.ਐਸ.ਪੀ ਰਾਜ ਕੁਮਾਰ ਸ਼ਾਮਾ ਨੇ ਖੁਦ ਵੀ ਖੂਨ ਦਾਨ ਕਰਕੇ ਚੰਗਾ ਸੁਨੇਹਾ ਦਿੱਤਾ।
    ਇਸ ਮੌਕੇ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ ਫਿ਼ਰੋਜ਼ਪੁਰ, ਰੈਸਲਰ ਗੁਰਵਿੰਦਰ ਜੋਸਨ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ। ਖ਼ੂਨਦਾਨ ਕੈਂਪ ਦੌਰਾਨ ਜਿੱਥੇ ਪੱਤਰਕਾਰਾਂ ਨੇ ਖ਼ੂਨ ਦਾਨ ਕੀਤਾ ਓਥੇ ਬਾਹਰੋਂ ਆਏ ਦਾਨੀਆਂ ਨੇ ਵੀ ਖੂਨ ਦਾਨ ਕਰਦਿਆਂ ਯੋਗਦਾਨ ਪਾਇਆ।

    ਸਮੂਹ ਖੂਨਦਾਨੀਆਂ ਨੂੰ ਜਿੱਥੇ ਸਿਵਲ ਹਸਪਤਾਲ ਦੀ ਤਰਫੋਂ ਰਿਫਰੈਸ਼ਮੈਂਟ ਦਿੱਤੀ ਗਈ ਓਥੇ ਪ੍ਰੈੱਸ ਕਲੱਬ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਤੋਂ ਪੁੱਜੀ ਡਾਕਟਰਾਂ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ।