ਨਵੀਂ ਦਿੱਲੀ: ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ, ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਭਵਨ ਵਿੱਖੇ ਇਤਿਹਾਸ ਵਿੱਚ ਸਿੱਖ ਬੀਬੀਆਂ” ਲੜੀ ਤਹਿਤ ਤੀਜਾ ਵਿਸ਼ੇਸ਼ ਲੈਕਚਰ ਬੇਬੇ ਨਾਨਕੀ ਜੀ ਦੇ ਜੀਵਨ ਉੱਤੇ ਕਰਵਾਇਆ ਗਿਆ।

    ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਂਕਲੇਵ ਦੇ ਵਿਦਿਆਰਥੀਆਂ ਦੇ ਕੀਰਤਨੀ ਜੱਥੇ ਵੱਲੋਂ ਗਾਏ ਗੁਰਬਾਣੀ ਸ਼ਬਦ ਤੋਂ ਬਾਅਦ ਡਾ. ਹਰਬੰਸ ਕੌਰ ਸਾਗੂ ਨੇ ਆਏ ਹੋਏ ਵਿਦਵਾਨਾਂ, ਸੰਗਤਾਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੁੱਖ ਮਹਿਮਾਨ ਪ੍ਰੋਫ਼ੈਸਰ ਡਾਕਟਰ ਚਰਨ ਸਿੰਘ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ, ਮੁੱਖ ਵਕਤਾ ਡਾ. ਰਵਿੰਦਰ ਕੌਰ ਬੇਦੀ ਪ੍ਰੋਫੈਸਰ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ, ਲੈਕਚਰ ਦੀ ਪ੍ਰਧਾਨਗੀ ਕਰ ਰਹੇ ਡਾ. ਰੋਮਿੰਦਰ ਕੌਰ ਰੰਧਾਵਾ ਡਾਇਰੈਕਟਰ ਗੁਰੂ ਤੇਗ ਬਹਾਦੁਰ ਇੰਸਟੀਚਿਊਟ ਆਫ਼ ਟੈਕਨਾਲੋਜੀ, ਡਾ. ਹਰਪ੍ਰੀਤ ਕੌਰ ਪ੍ਰਿੰਸੀਪਲ ਮਤਾ ਸੁੰਦਰੀ ਕਾਲੇਜ ਦਾ ਰਸਮੀ ਸਵਾਗਤ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

    ਮੁੱਖ ਬੁਲਾਰੇ ਡਾ. ਰਵਿੰਦਰ ਕੌਰ ਬੇਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ, ਗੁਰੂ ਜੀ ਦੀ ਪਹਿਲੀ ਸਿੱਖ ਬੇਬੇ ਨਾਨਕੀ ਜੀ ਦੇ ਜੀਵਨ ਇਤਿਹਾਸ ਦੀ ਵੱਡਮੁੱਲੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੇਬੇ ਨਾਨਕੀ ਨੇ ਗੁਰੂ ਨਾਨਕ ਨੂੰ ‘ਵੀਰ’ ਕਰਕੇ ਨਹੀਂ ‘ਪੀਰ’ ਕਰਕੇ ਜਾਣਿਆ। ਗੁਰੂ ਸਾਹਿਬ ਵੀ ਆਪਣੀ ਭੈਣ ਦਾ ਕਿਹਾ ਕਦੇ ਨਹੀਂ ਸੀ ਮੋੜਦੇ। ਜਦੋਂ ਗੁਰੂ ਨਾਨਕ ਦੇਵ ਜੀ ਇਸ ਲੋਕਾਈ ਨੂੰ ਸੋਧਣ ਲਈ ਉਦਾਸੀਆਂ ’ਤੇ ਚੱਲੇ ਤਾਂ ਬੇਬੇ ਨਾਨਕੀ ਨੇ ਹੀ ਭਾਈ ਮਰਦਾਨਾ ਜੀ ਨੂੰ ਨਵੀਂ ਰਬਾਬ ਫਿਰੰਦੇ ਕੋਲੋਂ ਬਣਵਾ ਕੇ ਦਿੱਤੀ ਸੀ।

    ਅੱਜ ਦੇ ਲੈਕਚਰ ਦੇ ਮੁੱਖ ਮਹਿਮਾਨ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਪ੍ਰੋਫ਼ੈਸਰ ਡਾਕਟਰ ਚਰਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਬੁਲਾਰੇ ਡਾ. ਰਵਿੰਦਰ ਕੌਰ ਬੇਦੀ ਵੱਲੋਂ ਦਿੱਤੀ ਜਾਣਕਾਰੀ ਦੀ ਭਰਪੂਰ ਸ਼ਲਾਘਾ ਕਰਦਿਆਂ, ਗੁਰੂ ਮਾਤਾਵਾਂ, ਗੁਰੂ ਮਹਿਲਾਂ, ਗੁਰੂ ਪੁੱਤਰੀਆਂ ਅਤੇ ਇਤਿਹਾਸਿਕ ਸਿੱਖ ਬੀਬੀਆਂ ਦੇ ਜੀਵਨ ਇਤਿਹਾਸ ਨੂੰ ਸੰਗਤਾਂ ਸਾਹਮਣੇ ਲਿਆਓਣ ਦੇ ਇਸ ਵੱਡਮੁਲੇ ਉਪਰਾਲੇ ਲਈ ਦਿੱਲੀ ਕਮੇਟੀ ਅਤੇ ਸੰਬੰਧਤ ਸਿੱਖ ਇਤਿਹਾਸ ਤੇ ਗੁਰਬਾਣੀ ਫ਼ੋਰਮ ਨੂੰ ਵਧਾਈ ਦਿੱਤੀ।

    ਇਸ ਮੌਕੇ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ।

    ਲੈਕਚਰ ਦੀ ਪ੍ਰਧਾਨਗੀ ਕਰਦਿਆਂ ਡਾ. ਰੋਮਿੰਦਰ ਕੌਰ ਅਤੇ ਡਾ. ਹਰਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਨੇ ਬੇਬੇ ਨਾਨਕੀ ਜੀ ਦੇ ਜੀਵਨ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।

    ਉਪਰੰਤ ਸਰਦਾਰ ਸਵਰਨ ਸਿੰਘ ਵੱਲੋਂ ਅੱਜ ਦੇ ਲੈਕਚਰ ਵਿਚ ਹਾਜ਼ਰੀ ਭਰਨ ਵਾਲੇ ਪਤਵੰਤੇ ਸੱਜਣਾ ਅਤੇ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ।

    ਲੈਕਚਰ ਵਿੱਚ ਡਾ. ਅਮਰਜੀਤ ਕੌਰ, ਡਾ. ਕੁਲਦੀਪ ਕੌਰ ਪਾਹਵਾ, ਡਾ. ਦਰਸ਼ਨ ਕੌਰ ਚੀਮਾ, ਡਾ. ਦਲਜੀਤ ਕੌਰ, ਡਾ. ਬੇਅੰਤ ਕੌਰ, ਨਰਿੰਦਰ ਸਿੰਘ ਬੇਦੀ, ਡੀ. ਆਈ. ਜੀ. ਪ੍ਰਤਾਪ ਸਿੰਘ, ਐਡਵੋਕੇਟ ਰਣਜੀਤ ਸਿੰਘ, ਸਰਦਾਰ ਰਜਿੰਦਰ ਸਿੰਘ ਵਿਰਾਸਤ, ਵੱਖ ਵੱਖ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲਾਂ, ਪ੍ਰੋਫ਼ੈਸਰਾਂ, ਵਿਦਵਾਨਾਂ, ਅਧਿਆਪਕਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।