ਸ੍ਰੀ ਮੁਕਤਸਰ ਸਾਹਿਬ, 03 ਨਵੰਬਰ (ਵਿਪਨ ਕੁਮਾਰ ਮਿੱਤਲ) ਪੰਜਾਬ ਦੇ ਸਿੱਖਿਆ ਵਿਭਾਗ ’ਚੋਂ ਸੇਵਾ ਮੁਕਤ ਪ੍ਰਿੰਸੀਪਲ ਕਰਤਾਰ ਸਿੰਘ ਬੇਰੀ ਆਪਣੇ ਸੇਵਾ ਕਾਲ ਦੌਰਾਨ ਮਹਿਕਮੇ ਵਿੱਚ ਇਕ ਵਿਸ਼ੇਸ਼ ਰੁਤਬਾ ਰੱਖਦੇ ਸਨ। ਡਿਊਟੀ ਪ੍ਰਤੀ ਸਮਰਪਿਤ ਸ੍ਰ. ਬੇਰੀ ਵਿਦਿਆਰਥੀਆਂ ਅਤੇ ਆਪਣੇ ਸਟਾਫ਼ ਵੱਲੋਂ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕਰਦੇ ਸਨ। ਸੇਵਾ ਮੁਕਤੀ ਪਿਛੋਂ ਸ੍ਰ. ਬੇਰੀ ਨੇ ਕਲਮ ਰਾਹੀਂ ਆਮ ਜਨਤਾ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਸਥਾਨ ਹਾਸਲ ਕਰ ਲਿਆ ਹੈ। ਪਿੰ. ਕਰਤਾਰ ਸਿੰਘ ਬੇਰੀ ਦੁਆਰਾ ਲਿਖਤ ਦੂਸਰਾ ਕਾਵਿ ਸੰਗ੍ਰਹਿ “ਜਿੰਦੜੀ ਬੋਲ ਪਈ” ਛਪ ਕੇ ਤਿਆਰ ਹੋ ਚੁੱਕਾ ਹੈ। ਇਸ ਕਾਵਿ ਸੰਗ੍ਰਹਿ ਦਾ ਲੋਕ ਅਰਪਨ ਆਉਂਦੀ 07 ਨਵੰਬਰ ਮੰਗਲਵਾਰ ਨੂੰ ਸ਼ਾਮ ਦੇ 4:00 ਵਜੇ ਸਥਾਨਕ ਸਿਟੀ ਹੋਟਲ ਵਿਖੇ ਕੀਤਾ ਜਾਵੇਗਾ। ਕਾਵਿ ਸੰਗ੍ਰਹਿ ਨੂੰ ਲੋਕ ਅਰਪਨ ਕਰਨ ਦੀ ਰਸਮ ਸੇਵਾ ਮੁਕਤ ਡਿਪਟੀ ਡੀ.ਈ.ਓ. ਬਲਦੇਵ ਸਿੰਘ ਬੇਦੀ ਕਰਨਗੇ। ਪ੍ਰਿੰ. ਬੇਰੀ ਨੇ ਸਮੂਹ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨਾਂ ਨੂੰ ਕਾਵਿ ਸੰਗ੍ਰਹਿ ਲੋਕ ਅਰਪਨ ਸਮੇਂ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ। ਸਮਾਗਮ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ-ਪਾਣੀ ਦਾ ਵਿਸੇਸ਼ ਪ੍ਰਬੰਧ ਕੀਤਾ ਜਾਵੇਗਾ।