ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਡਾਂਸ ਕਮ ਨਾਨ ਵੈਜ ਪਾਰਟੀ ਕਰਨ ’ਤੇ ਪਾਕਿਸਤਾਨ ਹਾਈ ਕਮਿਸ਼ਨ ਕੋਲ ਸਖ਼ਤ ਰੋਸ ਦਰਜ ਕਰਵਾਇਆ

     ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਵਾਪਰੀ ਬੇਅਦਬੀ ਦੀ ਘਟਨਾ ਖਿਲਾਫ ਪਾਕਿਸਤਾਨ ਹਾਈ ਕਮਿਸ਼ਨ ਕੋਲ ਸਖ਼ਤ ਰੋਸ ਪ੍ਰਗਟ ਕਰਦਿਆਂ ਹਾਈ ਕਮਿਸ਼ਨ ਨੂੰ ਇਹ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਚੁੱਕਣ ਵਾਸਤੇ ਆਖਿਆ ਹੈ ਤਾਂ ਜੋ ਇਸ ਘਿਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕੀਆਂ ਜਾ ਸਕਣ।
    ਪਾਕਿਸਤਾਨ ਹਾਈ ਕਮਿਸ਼ਨ ਵਿਚਲੇ ਚਾਰਜ ਡੀ ਅਫੇਅਰਜ਼ ਸ੍ਰੀ ਅਜ਼ੀਜ਼ ਖਾਨ ਨੂੰ ਲਿਖੇ ਪੱਤਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ 18 ਨਵੰਬਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਕੰਪਲੈਕਸ ਵਿਖੇ 18 ਨਵੰਬਰ 2023 ਨੂੰ ਹੋਈ ਪਾਰਟੀ ਖਿਲਾਫ ਰੋਸ ਜ਼ਾਹਰ ਕੀਤਾ।

    ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ‌ਉਹਨਾਂ ਨੂੰ ਦੱਸਿਆ ਕਿ ਇਤਿਹਾਸ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਬੇਅਦਬੀ ਹੋਈ ਹੈ। ਉਹਨਾਂ ਕਿਹਾ ਕਿ ਸਾਹਮਣੇ ਆਈ ਸ਼ਰਮਨਾਕ ਵੀਡੀਓ ਵਿਚ ਵੇਖਿਆ ਜਾ ਰਿਹਾ ਹੈ ਕਿ ਸ਼ਰਾਬ ਤੇ ਮੀਟ ਪਰੋਸਿਆ ਜਾ ਰਿਹਾ ਹੈ ਤੇ ਪਿੱਛੇ ਸੰਗੀਤ ਚਲ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਕਈ ਅਖ਼ਬਾਰਾਂ ਵਿਚ ਆਈਆਂ ਖ਼ਬਰਾਂ ਮੁਤਾਬਕ ਇਸ ਪਾਰਟੀ ਦਾ ਆਯੋਜਨ ਪੀ ਐਮ ਯੂ ਕਰਤਾਰਪੁਰ ਸਾਹਿਬ ਦੇ ਸੀ ਈ ਓ ਸਈਦ ਅਬੂ ਬਕਰ ਕੁਰੈਸ਼ੀ ਨੇ 18 ਨਵੰਬਰ 2023 ਨੂੰ ਦਿੱਤੀ ਸੀ ਜਿਸ ਵਿਚ ਡਿਪਟੀ ਕਮਿਸ਼ਨਰ ਨਾਰੋਵਾਲ, ਜ਼ਿਲ੍ਹਾ ਪੁਲਿਸ ਅਫਸਰ ਨਾਰੋਵਾਲ ਸਮੇਤ 80 ਦੇ ਕਰੀਬ ਲੋਕ ਹਾਜ਼ਰ ਸਨ। ਉਹਨਾਂ ਕਿਹਾ ਕਿ ਇਸ ਘਟਨਾ ਦੇ ਕਾਰਨ ਦੁਨੀਆਂ ਭਰ ਵਿਚ ਸਿੱਖ ਹਿਰਦੇ ਵਲੂੰਧਰੇ ਗਏ ਹਨ।

    ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਬੇਅਦਬੀ ਹੋਈ ਹੋਵੇ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਉਹਨਾਂ ਕਿਹਾ ਕਿ ਸਾਡੇ ਮਨਾਂ ਨੂੰ ਠੇਸ ਇਸ ਕਰ ਕੇ ਜ਼ਿਆਦਾ ਪਹੁੰਚੀ ਹੈ ਕਿਉਂਕਿ ਪਾਕਿਸਤਾਨ ਸਰਕਾਰ ਨੇ ਅਨੇਕਾਂ ਵਾਰ ਬੇਨਤੀਆਂ ਕਰਨ ’ਤੇ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਨੇ ਪਹਿਲੀ ਵਾਰ ਅਜਿਹੀ ਬੇਅਦਬੀ ਦੀ ਘਟਨਾ ਵਾਪਰਨ ਵੇਲੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਇਹ ਘਟਨਾ ਮੁੜ ਨਹੀਂ ਵਾਪਰਨੀ ਸੀ।

    ਉਹਨਾਂ ਕਿਹਾ ਕਿ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਮੌਜੂਦਾ ਮੈਨੇਜਮੈਂਟ ਹੈ ਜੋ ਇਕ ਗੈਰ ਸਿੱਖ ਦੇ ਹੱਥ ਵਿਚ ਹੈ ਜਿਸਨੂੰ ਸਿੱਖੀ ਤੇ ਸਿੱਖ ਮਰਿਆਦਾ ਦੀ ਕੋਈ ਜਾਣਕਾਰੀ ਨਹੀਂ ਹੈ।

    ਉਹਨਾਂ ਮੰਗ ਕੀਤੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਤੁਰੰਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਸਿੱਖ ਰਹਿਤ ਮਰਿਆਦਾ ਮੁਤਾਬਕ ਗੁਰਦੁਅਰਾ ਸਾਹਿਬ ਦੀ ਪਵਿੱਤਰਤਾ ਕਾਇਮ ਰੱਖੀ ਜਾ ਸਕੇ।