ਫਗਵਾੜਾ 22 ਨਵੰਬਰ (ਨਰੇਸ਼ਪਾਸੀ ਇੰਦਰਜੀਤ ਸ਼ਰਮਾ) ਹੁਸ਼ਿਆਰਪੁਰ ਵਿਖੇ ਵਿਕਾਸ ਕ੍ਰਾਂਤੀ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਮੈਡੀਕਲ ਕਾਲਜ ਸਮੇਤ 867 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਸਬੰਧੀ ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਸਕੱਤਰ ਨਿਤਿਨ ਚੱਢਾ ਨੇ ਦੱਸਿਆ ਕਿ ਮੈਡੀਕਲ ਕਾਲਜ ਸਮੇਤ ਲੋਕਸਭਾ ਹਲਕਾ ਹੁਸ਼ਿਆਰਪੁਰ ਵਿੱਚ ਜਿਹੜੀਆਂ ਸਕੀਮਾਂ ਦਾ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸਾਰੇ ਕੰਮ ਅਸਲ ਵਿੱਚ ਕੇਂਦਰ ਦੀਆਂ ਸਕੀਮਾਂ ਦਾ ਹਿੱਸਾ ਹਨ। ਜਿਹਨਾਂ ਨੂੰ ਕੇਂਦਰੀ ਰਾਜ ਮੰਤਰੀ ਅਤੇ ਹਲਕੇ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਦੇ ਅਣਥੱਕ ਯਤਨਾਂ ਸਦਕਾ ਲਾਗੂ ਕੀਤਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਸਰਕਾਰ ਦਾ ਇਸ ਵਿੱਚ ਬਹੁਤ ਮਾਮੂਲੀ ਯੋਗਦਾਨ ਹੈ। ਮੈਡੀਕਲ ਕਾਲਜ ਦੀ ਉਸਾਰੀ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਜ਼ਮੀਨ ਮੁਹੱਈਆ ਕਰਵਾਉਣ ਤੱਕ ਸੀਮਤ ਹੈ ਅਤੇ ਇਮਾਰਤ ਦੀ ਉਸਾਰੀ ਦਾ ਖਰਚਾ ਕੇਂਦਰ ਵੱਲੋਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰਾਂ ਦੇ ਵਿਕਾਸ ਵਿੱਚ ਜ਼ਿਕਰਯੋਗ ਭੂਮਿਕਾ ਨਿਭਾਈ ਹੈ, ਪਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਖਜਾਨੇ ਤੇ ਬੋਝ ਪਾ ਕੇ ਹਵਾਈ ਜਹਾਜ਼ ਰਾਹੀਂ ਭਾਰਤ ਦੀ ਸੈਰ ਕਰਵਾਉਣ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਦੀ ਹੋਰ ਕੋਈ ਪ੍ਰਾਪਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਮਾਈਨਿੰਗ ਮਾਫੀਆ ਨੂੰ ਨੱਥ ਪਾ ਕੇ ਪੰਜਾਬ ਦੇ ਖਜ਼ਾਨੇ ਵਿੱਚ ਵੀਹ ਹਜ਼ਾਰ ਕਰੋੜ ਰੁਪਏ ਦਾ ਮਾਲੀਆ ਪਾਉਣ ਦੀ ਗੱਲ ਕਰਦੇ ਸਨ, ਜੋ ਹੁਣ ਕੋਰੀ ਗੱਪ ਸਾਬਤ ਹੋਈ ਹੈ। ਇੱਥੋਂ ਤੱਕ ਕਿ ਮੁਹੱਲਾ ਕਲੀਨਿਕ ਦੇ ਨਾਂ ’ਤੇ ਪਹਿਲਾਂ ਹੀ ਚੱਲ ਰਹੀਆਂ ਸਰਕਾਰੀ ਡਿਸਪੈਂਸਰੀਆਂ ਨੂੰ ਲੀਪਾਪੋਤੀ ਕਰਕੇ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ। ਸੱਚਾਈ ਇਹ ਹੈ ਕਿ ‘ਆਪ’ ਸਰਕਾਰ ਨੇ ਕੇਂਦਰੀ ਸਕੀਮਾਂ ਦੇ ਨਾਵਾਂ ਨਾਲ ਛੇੜਛਾੜ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜਿਸ ਬਾਰੇ ਜਨਤਾ ਵੀ ਜਾਣਦੀ ਹੈ। ਚੱਢਾ ਨੇ ਕਿਹਾ ਕਿ ਪੰਜਾਬ ਦੇ ਵੋਟਰ ਆਉਣ ਵਾਲੀਆਂ ਨਿਗਮ ਅਤੇ ਲੋਕਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਰੂਰ ਸਬਕ ਸਿਖਾਉਣਗੇ।