ਹਰਿਆਣਾ ਦੇ ਅੰਬਾਲਾ ਸਥਿਤ ਸ਼੍ਰੀ ਮੰਜੀ ਸਾਹਿਬ ਗੁਰਦੁਆਰੇ ਵਿਖੇ ਨਿਸ਼ਾਨ ਸਾਹਿਬ ਦੀ ਪੁਲੀ ਅਚਾਨਕ ਟੁੱਟਣ ਕਾਰਨ 100 ਫੁੱਟ ਦੀ ਉਚਾਈ ‘ਤੇ ਇਕ ਨੌਜਵਾਨ ਲਟਕਿਆ ਰਹਿ ਗਿਆ। ਇਹ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ‘ਤੇ ਚੋਲਾ ਬਦਲਣ ਲਈ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਦੇ ਨਿਸ਼ਾਨ ਸਾਹਿਬ ‘ਤੇ ਚੜ੍ਹਿਆ ਸੀ। ਪੁਲੀ ਦੇ ਅਚਾਨਕ ਟੁੱਟਣ ਤੋਂ ਬਾਅਦ ਸ਼ਰਧਾਲੂ ਨਿਸ਼ਾਨ ਸਾਹਿਬ ਨੂੰ ਫੜ ਕੇ ਲਟਕਿਆ ਰਿਹਾ।

    ਜਿਵੇਂ ਹੀ ਪਤਾ ਲੱਗਾ ਕਿ ਸ਼ਰਧਾਲੂ ਨਿਸ਼ਾਨ ਸਾਹਿਬ ‘ਤੇ ਲਟਕਿਆ ਹੋਇਆ ਹੈ ਤਾਂ ਗੁਰਦੁਆਰਾ ਸਾਹਿਬ ਤੋਂ ਕਰੇਨ ਨੂੰ ਮੌਕੇ ‘ਤੇ ਬੁਲਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਕਰੀਬ 2 ਘੰਟੇ ਦੀ ਮਿਹਨਤ ਤੋਂ ਬਾਅਦ ਸ਼ਰਧਾਲੂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਸਮੇਂ ਸਰ ਸੂਚਨਾ ਮਿਲਣ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ।

    ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੁੰਡਾ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਜਗਤ ਸ਼੍ਰੀ ਗੁਰੂ ਨਾਨਕ ਦੇਵੀ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਗੁਰੂ ਪਰਵ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਚੱਲ ਰਿਹਾ ਸੀ। ਨੌਜਵਾਨ ਨਿਸ਼ਾਨ ਸਾਹਿਬ ਦੇ ਕੱਪੜੇ ਬਦਲਣ ਲਈ ਚੜ੍ਹਿਆ ਸੀ। 100 ਫੁੱਟ ਦੀ ਉਚਾਈ ‘ਤੇ ਅਚਾਨਕ ਪੁਲੀ ਟੁੱਟ ਗਈ। ਨੌਜਵਾਨ ਉੱਪਰ ਹੀ ਖੜ੍ਹਾ ਰਿਹਾ। ਮੌਕੇ ‘ਤੇ ਤੁਰੰਤ ਕਰੇਨ ਬੁਲਾਈ ਗਈ, ਜਿਸ ਤੋਂ ਬਾਅਦ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ।