ਸ੍ਰੀ ਮੁਕਤਸਰ ਸਾਹਿਬ, 28 ਨਵੰਬਰ (ਵਿਪਨ ਕੁਮਾਰ ਮਿਤੱਲ): ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਸੰਤ ਮੰਦਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਉਤਸਵ (ਗੁਰਪੁਰਬ) ਸਬੰਧੀ ਵਿਸ਼ੇਸ਼ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ ਬਾਊ ਜੀ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿੱਚ ਡੇਰੇ ਦੇ ਸਥਾਨਕ ਅਤੇ ਬਾਹਰਲੇ ਇਲਾਕਿਆਂ ਦੇ ਸ਼ਰਧਾਲੂ ਮਰਦ, ਔਰਤਾਂ ਅਤੇ ਬੱਚਿਆਂ ਨੇ ਭਾਗ ਲਿਆ। ਗੁਰਪੁਰਬ ਸਮਾਗਮ ਸਮੇਂ ਡੇਰੇ ਨੂੰ ਸ਼ਾਨਦਾਰ ਢੰਗ ਨਾਲ ਤਾਜੇ ਫੁੱਲਾਂ ਦੀਆਂ ਲੜੀਆਂ ਅਤੇ ਬਿਜਲਈ ਲਾਈਟਾਂ ਨਾਲ ਸਜਾਇਆ ਗਿਆ ਸੀ। ਸਮਾਗਗਮ ਦੀ ਸ਼ੁਰੂਆਤ ਬਾਊ ਜੀ ਵੱਲੋਂ ਡੇਰਾ ਸੰਸਥਾਪਕ ਬ੍ਰਹਮਲੀਨ ਸੰਤ ਬਾਬਾ ਬੱਗੂ ਭਗਤ ਜੀ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਅਤੇ ਅਰਦਾਸ ਉਪਰੰਤ ਕੀਤੀ ਗਈ। ਬਾਊ ਜੀ ਦੇ ਸਪੁੱਤਰ ਗਗਨਦੀਪ ਚਾਵਲਾ ਨੇ ਡੇਰੇ ਦੇ ਸ਼ਾਨਦਾਰ ਢੰਗ ਨਾਲ ਸਜੇ ਦਰਬਾਰ ਵਿਚ ਆਰਤੀ ਕੀਤੀ। ਡੇਰਾ ਸੇਵਕ ਅਵਤਾਰ ਚੁੱਘ ਨੇ ਸਮੂਹ ਸੰਗਤਾਂ ਨੂੰ ਭੋਗ ਲੱਗਿਆ ਹੋਇਆ ਪ੍ਰਸਾਦ ਵਰਤਾਇਆ। ਜ਼ਿਕਰਯੋਗ ਹੈ ਕਿ ਡੇਰੇ ਵਿਚ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਵਿਚੋਂ ਗੁਰਪੁਰਬ ਦਾ ਤਿਓਹਾਰ ਸਭ ਤੋਂ ਪ੍ਮੁੱਖ ਰੂਪ ਵਿਚ ਮਨਾਇਆ ਜਾਂਦਾ ਹੈ। ਸਮਾਗਮ ਦੌਰਾਨ ਬਾਊ ਜੀ ਵੱਲੋਂ ਕੰਨਿਆ ਪੂਜਨ ਵੀ ਕੀਤਾ ਗਿਆ। ਗੁਰਪੁਰਬ ਸਮਾਗਮ ਦੌਰਾਨ ਅਪਣੇ ਮੁਖਾਰਬਿੰਦ ਤੋਂ ਅੰਮਿ੍ਤ ਵਰਸਾਉਂਦੇ ਹੋਏ ਬਾਊ ਜੀ ਨੇ ਸਭ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਨੇ ਫਰਮਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਸੈਂਕੜੇ ਸਾਲ ਪਹਿਲਾਂ ਜੋ ਉਪਦੇਸ਼ ਦਿੱਤਾ ਉਹ ਰਹਿੰਦੇ ਸੰਸਾਰ ਤੱਕ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪੁਰਬ ਸਮਾਗਮ ਦੌਰਾਨ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵੀ ਜਗਦੀਸ਼ ਰਾਏ ਢੋਸੀਵਾਲ ਨੇ ਆਪਣੀ ਧਰਮ ਪਤਨੀ ਬਿਮਲਾ ਢੋਸੀਵਾਲ, ਪੁੱਤਰ ਇੰਜ. ਕੁਨਾਲ ਢੋਸੀਵਾਲ, ਨੂੰਹ ਪ੍ਰੋ. ਵੰਦਨਾ ਢੋਸੀਵਾਲ, ਪੋਤਰੇ ਮਾਧਵ ਅਤੇ ਗੋਵਿੰਦ ਨਾਲ ਪਰਿਵਾਰ ਸਮੇਤ ਗੁਰਪੁਰਬ ਸਮਾਗਮ ਵਿਚ ਸ਼ਿਰਕਤ ਕਰਕੇ ਆਨੰਦ ਮਾਣਿਆ। ਸਮਾਗਮ ਦੌਰਾਨ ਪ੍ਰਸਿੱਧ ਕਥਾ ਵਾਚਕ ਸਵਾਮੀ ਬੂਆ ਦਿੱਤਾ ਜੀ ਜੰਮੂ ਵਾਲੇ ਅਤੇ ਉਨ੍ਹਾਂ ਦੇ ਸਪੁੱਤਰ ਚੰਦਰ ਮੋਹਨ ਨੇ ਗੁਰਪੁਰਬ ਸਬੰਧੀ ਧਾਰਮਿਕ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਵਾਮੀ ਜੀ ਵੱਲੋਂ ਗਾਏ ਭਜਨ ‘ਸਤਿਗੁਰੂ ਨਾਨਕ ਦਾ ਗੁਰਪੁਰਬ ਹੈ ਆਇਆ’ ਸੁਣ ਕੇ ਸੰਗਤਾਂ ਖੁਸ਼ੀ ਨਾਲ ਝੂਮ ਉਠੀਆਂ। ਸਮਾਗਮ ਦੇ ਅੰਤ ਵਿਚ ਬਾਊ ਜੀ ਵੱਲੋਂ ਸਭਨਾਂ ਦੇ ਭਲੇ ਅਤੇ ਇਲਾਕੇ ਦੀ ਸੁਖ ਸ਼ਾਂਤੀ ਲਈ ਅਰਦਾਸ ਕੀਤੀ ਗਈ। ਗੁਰਪੁਰਬ ਸਮਾਗਮ ਦੀ ਸਮਾਪਤੀ ਉਪਰੰਤ ਸਭ ਸੰਗਤਾਂ ਨੇ ਸੰਤ ਬਾਬਾ ਬੱਗੂ ਭਗਤ ਜੀ ਦੇ ਪਵਿੱਤਰ ਭੰਡਾਰੇ ਦਾ ਅਨੰਦ ਮਾਣਿਆ।